ਸ੍ਰੀਨਗਰ, 25 ਨਵੰਬਰ
ਰੌਸ਼ਨੀ ਐਕਟ ਤਹਿਤ ਜ਼ਮੀਨ ਵਰਤਣ ਵਾਲੇ 130 ਲੋਕਾਂ ਦੀ ਦੂਜੀ ਸੂਚੀ ਵਿੱਚ ਨੈਸ਼ਨਲ ਕਾਨਫੰਰਸ ਦੇ ਮੁਖੀ ਫ਼ਾਰੂਕ ਅਬਦੁੱਲਾ ਦੀ ਭੈਣ ਅਤੇ ਇੱਕ ਕਾਂਗਰਸੀ ਆਗੂ ਸਣੇ ਦੋ ਪ੍ਰਮੁੱਖ ਹੋਟਲ ਮਾਲਕਾਂ ਦੇ ਨਾਂ ਸ਼ਾਮਲ ਹਨ। ਦੱਸਣਯੋਗ ਹੈ ਕਿ ਰੌਸ਼ਨੀ ਐਕਟ ਹੁਣ ਖ਼ਤਮ ਕਰ ਦਿੱਤਾ ਗਿਆ ਹੈ। ਕਸ਼ਮੀਰ ਦੇ ਡਿਵੀਜ਼ਨਲ ਕਮਿਸ਼ਨਰ ਦੀ ਵੈੱਬਸਾਈਟ ’ਤੇ ਅਪਲੋਡ ਕੀਤੀ ਤਾਜ਼ਾ ਸੂਚੀ ਵਿੱਚ ਸਕੀਮ ਤਹਿਤ ਆਪਣੀਆਂ ਰਿਹਾਇਸ਼ੀ ਥਾਵਾਂ ਨੂੰ ਕਾਨੂੰਨੀ ਘੇਰੇ ਵਿੱਚ ਲਿਆਉਣ ਵਾਲੇ ਸਾਬਕਾ ਨੌਕਰਸ਼ਾਹ ਅਤੇ ਉਸ ਦੀ ਪਤਨੀ ਸਣੇ ਦਰਜਨਾਂ ਕਾਰੋਬਾਰੀਆਂ ਦੇ ਨਾਂ ਸ਼ਾਮਲ ਹਨ, ਜਿਨ੍ਹਾਂ ਨੇ ਵਪਾਰਕ ਇਮਾਰਤਾਂ ਦੀ ਮਾਲਕੀ ਪ੍ਰਾਪਤ ਕੀਤੀ ਹੈ। ਜੰਮੂ ਕਸ਼ਮੀਰ ਹਾਈ ਕੋਰਟ ਵਲੋਂ 9 ਅਕਤੂਬਰ ਨੂੰ ਆਦੇਸ਼ ਰਾਹੀਂ ਰੌਸ਼ਨੀ ਐਕਟ ਨੂੰ ‘ਗੈਰਕਾਨੂੰਨੀ, ਅਸੰਵਿਧਾਨਿਕ’ ਕਰਾਰ ਦਿੰਦਿਆਂ ਇਸ ਕਾਨੂੰਨ ਤਹਿਤ ਜ਼ਮੀਨ ਦੀ ਅਲਾਟਮੈਂਟ ਦੀ ਸੀਬੀਆਈ ਜਾਂਚ ਦੇ ਆਦੇਸ਼ ਦਿੱਤੇ ਸਨ। ਉਸ ਮਗਰੋਂ ਅੱਜ ਇਸ ਸਕੀਮ ਦੇ ਲਾਭਪਾਤਰੀਆਂ ਦੀ ਦੂਜੀ ਸੂਚੀ ਜਾਰੀ ਕੀਤੀ ਗਈ ਹੈ। -ਪੀਟੀਆਈ