ਹੈਦਰਾਬਾਦ, 27 ਜੁਲਾਈ
ਸੂਬੇ ਵਿੱਚ ਪਿਛਲੇ ਕਈ ਦਿਨਾਂ ਤੋਂ ਭਾਰੀ ਮੀਂਹ ਪੈਣ ਕਾਰਨ ਹੈਦਰਾਬਾਦ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਜਨਜੀਵਨ ਪ੍ਰਭਾਵਿਤ ਹੋਇਆ ਹੈ। ਤਿਲੰਗਾਨਾ ਰਾਜ ਵਿਕਾਸ ਯੋਜਨਾ ਸੁਸਾਇਟੀ ਨੇ ਦੱਸਿਆ ਕਿ ਅੱਜ ਸਵੇਰ ਤੱਕ ਕਈ ਇਲਾਕਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ। ਸ਼ਹਿਰ ਵਿੱਚ ਹਿਮਾਯਥ ਸਾਗਰ ਅਤੇ ਓਸਮਾਨ ਸਾਗਰ ਦਾ ਜਲ ਭੰਡਾਰ ਅੱਜ ਸਵੇਰੇ ਗਿਆਰਾਂ ਵਜੇ ਤੱਕ ਐੱਫਟੀਐੱਲ (ਫੁੱਲ ਟੈਂਕ ਲੈਵਲ) ਦੇ ਨੇੜੇ ਸੀ। ਹੈਦਰਾਬਾਦ ਵਿੱਚ ਪਿਛਲੇ ਦੋ ਦਿਨਾਂ ਤੋਂ ਪਏ ਭਾਰੀ ਮੀਂਹ ਕਾਰਨ ਮੂਸੀ ਨਦੀ ਵਿੱਚ ਪਾਣੀ ਦਾ ਵਹਾਅ ਤੇਜ਼ ਹੋ ਗਿਆ ਹੈ, ਜਿਸ ਕਾਰਨ ਨਦੀ ਵਿੱਚ ਹੜ੍ਹ ਆਉਣ ਦੀ ਸੰਭਾਵਨਾ ਬਣੀ ਹੋਈ ਹੈ। ਮੌਸਮ ਵਿਭਾਗ ਨੇ ਸੂਬੇ ਵਿੱਚ 28 ਜੁਲਾਈ ਨੂੰ ਭਾਰੀ ਮੀਂਹ ਦੀ ਪੇਸ਼ੀਨਗੋਈ ਕਰਦਿਆਂ ਚਿਤਾਵਨੀ ਜਾਰੀ ਕੀਤੀ ਹੈ। -ਪੀਟੀਆਈ
ਜੈਪੁਰ ਵਿੱਚ ਰੇਲ ਗੱਡੀਆਂ ਰੱਦ, ਸਕੂਲ ਬੰਦ
ਜੈਪੁਰ: ਜੋਧਪੁਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਭਾਰੀ ਮੀਂਹ ਕਾਰਨ ਪਾਣੀ ਭਰ ਗਿਆ ਹੈ, ਜਿਸ ਕਾਰਨ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਜ਼ਿਲ੍ਹੇ ਵਿੱਚ ਕਈ ਰੇਲ ਗੱਡੀਆਂ ਰੱਦ ਅਤੇ ਸਕੂਲ ਬੰਦ ਕਰ ਦਿੱਤੇ ਗਏ ਹਨ। ਪਿਛਲੇ ਚੌਵੀਂ ਘੰਟਿਆਂ ਦੌਰਾਨ ਭਾਰੀ ਮੀਂਹ ਕਾਰਨ ਪੱਛਮੀ ਰਾਜਸਥਾਨ ਦੇ ਕਈ ਇਲਾਕਿਆਂ ਵਿੱਚ ਪਾਣੀ ਭਰ ਗਿਆ ਹੈ ਅਤੇ ਸੂਬੇ ਦੇ ਪੂਰਬੀ ਹਿੱਸੇ ਵਿੱਚ ਭਾਰੀ ਮੀਂਹ ਪਿਆ ਹੈ। ਜੋਧਪੁਰ ਵਿੱਚ ਪਾਣੀ ਕਾਰਨ ਰੇਲ ਪਟੜੀਆਂ ਡੁੱਬਣ ਕਾਰਨ ਉੱਤਰ ਪੱਛਮੀ ਰੇਲਵੇ (ਐੱਨਡਬਲਿਊਆਰ) ਨੂੰ 12 ਰੇਲ ਗੱਡੀਆਂ ਰੱਦ ਕਰਨੀਆਂ ਪਈਆਂ, ਜਿਨ੍ਹਾਂ ਵਿੱਚੋਂ ਚਾਰ ਨੂੰ ਅੰਸ਼ਿਕ ਤੌਰ ’ਤੇ ਰੱਦ ਕੀਤਾ ਗਿਆ ਅਤੇ ਪੰਜ ਦਾ ਰਸਤਾ ਬਦਲਿਆ ਗਿਆ। -ਪੀਟੀਆਈ