ਜੰਮੂ/ਜੈਪੁਰ: ਲੈਫ਼ਟੀਨੈਂਟ ਜਨਰਲ ਮਨਜਿੰਦਰ ਸਿੰਘ ਨੇ ਅੱਜ ਪੱਛਮੀ ਕਮਾਂਡ ਦੇ ਚੀਫ਼ ਆਫ਼ ਸਟਾਫ਼ ਵਜੋਂ ਕਮਾਨ ਸੰਭਾਲ ਲਈ ਹੈ। ਇਹ ਜਾਣਕਾਰੀ ਰੱਖਿਆ ਮੰਤਰਾਲੇ ਦੇ ਇਕ ਬੁਲਾਰੇ ਨੇ ਦਿੱਤੀ। ਇਸ ਸਬੰਧੀ ਜਾਰੀ ਇਕ ਬਿਆਨ ਅਨੁਸਾਰ ਕਮਾਂਡ ਹੈੱਡਕੁਆਰਟਰ ਪਹੁੰਚਣ ਤੋਂ ਬਾਅਦ ਲੈਫ਼ਟੀਨੈਂਟ ਜਨਰਲ ਮਨਜਿੰਦਰ ਸਿੰਘ ਨੇ ‘ਵੀਰ ਸਮ੍ਰਿਤੀ’ ਜੰਗੀ ਯਾਦਗਾਰ ਵਿਖੇ ਸ਼ਰਧਾਂਜਲੀ ਭੇਟ ਕੀਤੀ। ਜ਼ਿਕਰਯੋਗ ਹੈ ਕਿ ਇਸ ਕਮਾਂਡ ਅਧੀਨ ਪੰਜਾਬ, ਹਰਿਆਣਾ, ਦਿੱਲੀ, ਹਿਮਾਚਲ ਪ੍ਰਦੇਸ਼ ਤੇ ਜੰਮੂ ਦੇ ਕੁਝ ਹਿੱਸੇ ਆਉਂਦੇ ਹਨ। ਉਹ ਸੈਨਿਕ ਸਕੂਲ ਕਪੂਰਥਲਾ ਦੇ ਵਿਦਿਆਰਥੀ ਰਹਿ ਚੁੱਕੇ ਹਨ। ਉਹ 20 ਦਸੰਬਰ, 1986 ਨੂੰ 19 ਮਦਰਾਸ ਰੈਜੀਮੈਂਟ ਵਿੱਚ ਕਮਿਸ਼ਨ ਹੋਏ ਸਨ। ਇਸੇ ਦੌਰਾਨ ਲੈਫ਼ਟੀਨੈਂਟ ਜਨਰਲ ਅਮਰਦੀਪ ਸਿੰਘ ਭਿੰਡਰ ਨੇ ਅੱਜ ਜੈਪੁਰ ਆਧਾਰਤ ਫ਼ੌਜ ਦੀ ਦੱਖਣ-ਪੱਛਮੀ ਕਮਾਂਡ ਦੇ ਮੁਖੀ ਵਜੋਂ ਅਹੁਦਾ ਸੰਭਾਲਿਆ। ਇਸ ਤੋਂ ਪਹਿਲਾਂ ਉਹ ਰੱਖਿਆ ਮੰਤਰਾਲੇ ਦੇ ਏਕੀਕ੍ਰਿਤ ਹੈੱਡਕੁਆਰਟਰ ਵਿੱਚ ਡਿਪਟੀ ਚੀਫ਼ ਆਫ਼ ਆਰਮੀ ਸਟਾਫ਼ (ਆਈਐੱਸ ਐਂਡ ਸੀ) ਵਜੋਂ ਤਾਇਨਾਤ ਸਨ। -ਪੀਟੀਆਈ