ਦੇਹਰਾਦੂਨ, 15 ਸਤੰਬਰ
ਲੈਫ਼ਟੀਨੈਂਟ ਜਨਰਲ (ਸੇਵਾਮੁਕਤ) ਗੁਰਮੀਤ ਸਿੰਘ ਨੇ ਅੱਜ ਉੱਤਰਾਖੰਡ ਦੇ ਨਵੇਂ ਰਾਜਪਾਲ ਵਜੋਂ ਸਹੁੰ ਚੁੱਕੀ। ਉੱਤਰਾਖੰਡ ਹਾਈ ਕੋਰਟ ਦੇ ਚੀਫ਼ ਜਸਟਿਸ ਆਰ.ਐੱਸ. ਚੌਹਾਨ ਨੇ ਲੈਫ਼ਟੀਨੈਂਟ ਜਨਰਲ (ਸੇਵਾਮੁਕਤ) ਗੁਰਮੀਤ ਸਿੰਘ ਨੂੰ ਇੱਥੇ ਰਾਜ ਭਵਨ ਵਿਚ ਹੋਏ ਇਕ ਸਾਧਾਰਨ ਸਮਾਰੋਹ ਦੌਰਾਨ ਅਹੁਦੇ ਦੀ ਸਹੁੰ ਚੁਕਵਾਈ। ਇਸ ਸਮਾਰੋਹ ਵਿਚ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ, ਉਨ੍ਹਾਂ ਦੇ ਮੰਤਰੀ ਮੰਡਲ ਦੇ ਸਾਥੀਆਂ ਸਤਪਾਲ ਮਹਾਰਾਜ ਅਤੇ ਧਨ ਸਿੰਘ ਰਾਵਤ, ਉੱਤਰਾਖੰਡ ਵਿਧਾਨ ਸਭਾ ਦੇ ਸਪੀਕਰ ਪ੍ਰੇਮ ਚੰਦ ਅਗਰਵਾਲ, ਡੀਜੀਪੀ ਅਸ਼ੋਕ ਕੁਮਾਰ ਅਤੇ ਮੁੱਖ ਸਕੱਤਰ ਐੱਸ.ਐੱਸ. ਸੰਧੂ ਸਣੇ ਵੱਡੀ ਗਿਣਤੀ ਸੀਨੀਅਰ ਅਧਿਕਾਰੀਆਂ ਨੇ ਸ਼ਿਰਕਤ ਕੀਤੀ। ਬੇਬੀ ਰਾਣੀ ਮੌਰਿਆ ਵੱਲੋਂ ਕਾਰਜਕਾਲ ਪੂਰਾ ਹੋਣ ਤੋਂ ਦੋ ਸਾਲ ਪਹਿਲਾਂ ਹੀ ਅਸਤੀਫ਼ਾ ਦਿੱਤੇ ਜਾਣ ਮਗਰੋਂ ਹੁਣ ਲੈਫ਼ਟੀਨੈਂਟ ਜਨਰਲ (ਸੇਵਾਮੁਕਤ) ਗੁਰਮੀਤ ਸਿੰਘ ਨੇ ਉੱਤਰਾਖੰਡ ਦੇ ਰਾਜਪਾਲ ਦਾ ਅਹੁਦਾ ਸੰਭਾਲਿਆ ਹੈ। ਸ੍ਰੀ ਸਿੰਘ ਭਾਰਤੀ ਫ਼ੌਜ ਦੇ ਉਪ ਮੁਖੀ ਵਜੋਂ ਸੇਵਾਮੁਕਤ ਹੋਏ ਹਨ। ਉਨ੍ਹਾਂ ਨੂੰ ਭਾਰਤ-ਚੀਨ ਮਾਮਲਿਆਂ ਦੇ ਮਾਹਿਰ ਮੰਨਿਆ ਜਾਂਦਾ ਹੈ। ਸਹੁੰ ਚੁੱਕ ਸਮਾਗਮ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਦੌਰਾਨ ਸ੍ਰੀ ਸਿੰਘ ਨੇ ਕਿਹਾ, ‘‘ਮੈਨੂੰ ਮਾਣ ਹੈ ਕਿ ਇਕ ਫ਼ੌਜੀ ਵਜੋਂ ਦੇਸ਼ ਦੀ ਸੇਵਾ ਕਰਨ ਤੋਂ ਬਾਅਦ ਹੁਣ ਉੱਤਰਾਖੰਡ ਦੇ ਰਾਜਪਾਲ ਵਜੋਂ ਸੇਵਾ ਨਿਭਾਉਣ ਦਾ ਮੌਕਾ ਮਿਲਿਆ ਹੈ। ਉੱਤਰਾਖੰਡ ਨੂੰ ‘ਵੀਰਭੂਮੀ’ ਕਿਹਾ ਜਾਂਦਾ ਹੈ ਜਿੱਥੋਂ ਹਰੇਕ ਪਰਿਵਾਰ ’ਚੋਂ ਇਕ ਮੈਂਬਰ ਹਥਿਆਰਬੰਦ ਬਲਾਂ ਵਿਚ ਹੈ। ਮੈਂ ਲੋਕਾਂ ਦੀਆਂ ਆਸਾਂ ’ਤੇ ਖਰਾ ਉਤਰਨ ਦੀ ਕੋਸ਼ਿਸ਼ ਕਰਾਂਗਾ।’’ -ਪੀਟੀਆਈ