ਮੋਨਵੋਰੀਆ (ਲਾਇਬੇਰੀਆ): ਲਾਇਬੇਰੀਆ ਦੀ ਰਾਜਧਾਨੀ ਮੋਨਵੋਰੀਆ ਵਿੱਚ ਇਸਾਈਆਂ ਦੇ ਇੱਕ ਸਮਾਗਮ ਦੌਰਾਨ ਸ਼ਰਧਾਲੂਆਂ ’ਚ ਭਗਦੜ ਮੱਚਣ ਕਾਰਨ 11 ਬੱਚਿਆਂ ਅਤੇ ਇੱਕ ਗਰਭਵਤੀ ਮਹਿਲਾ ਸਣੇ 29 ਜਣਿਆਂ ਦੀ ਮੌਤ ਹੋ ਗਈ ਹੈ। ਅੱਜ ਅਧਿਕਾਰੀਆਂ ਨੇ ਦੱਸਿਆ ਉਕਤ ਘਟਨਾ ਰਾਜਧਾਨੀ ਦੇ ਸੰਘਣੀ ਵਸੋਂ ਵਾਲੇ ਇਲਾਕੇ ਨਿਊ ਕਰੂ ਟਾਊਨ ਵਿੱਚ ਬੁੱਧਵਾਰ ਰਾਤ ਨੂੰ ਵਾਪਰੀ। ਪੁਲੀਸ ਦੇ ਤਰਜਮਾਨ ਮੋਸੇਸ ਕਾਰਟਰ ਨੇ ਦੱਸਿਆ ਕਿ ਬੁੱਧਵਾਰ ਰਾਤ ਨੂੰ 9 ਵਜੇ ਭਗਦੜ ਉਸ ਸਮੇਂ ਮੱਚੀ ਜਦੋਂ ਠੱਗਾਂ ਦੇ ਇੱਕ ਗੈਂਗ ਨੇ ਸਮਾਗਮ ਵਿੱਚ ਸ਼ਾਮਲ ਸੈਂਕੜੇ ਸ਼ਰਧਾਲੁੂਆਂ ’ਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿੱਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮ੍ਰਿਤਕਾਂ ਦੀਆਂ ਦੇਹਾਂ ਨੂੰ ਘਟਨਾ ਸਥਾਨ ਦੇ ਨੇੜੇ ਸਥਿਤ ਰੀਡੈਂਪਸ਼ਨ ਹਸਪਤਾਲ ਦੇ ਮੁਰਦਾਘਰ ਵਿੱਚ ਲਿਜਾਇਆ ਗਿਆ ਹੈ। -ਏਪੀ