ਨਵੀਂ ਦਿੱਲੀ, 27 ਦਸੰਬਰ
ਦਿੱਲੀ ਤੇ ਹਰਿਦੁਆਰ ਵਿਚ ਵੱਖ-ਵੱਖ ਸਮਾਗਮਾਂ ਦੌਰਾਨ ਦਿੱਤੇ ਗਏ ਨਫ਼ਰਤੀ ਭਾਸ਼ਣਾਂ ਬਾਰੇ 76 ਵਕੀਲਾਂ ਨੇ ਚੀਫ਼ ਜਸਟਿਸ ਐਨ.ਵੀ. ਰਾਮੰਨਾ ਨੂੰ ਪੱਤਰ ਲਿਖਿਆ ਹੈ ਤੇ ਇਨ੍ਹਾਂ ਦਾ ਨੋਟਿਸ ਲੈਣ ਦੀ ਮੰਗ ਕੀਤੀ ਹੈ। ਪੱਤਰ ਵਿਚ ਦੋਸ਼ ਲਾਇਆ ਗਿਆ ਹੈ ਕਿ ਇਨ੍ਹਾਂ ਸਮਾਗਮਾਂ ਦੌਰਾਨ ਦਿੱਤੇ ਗਏ ਭਾਸ਼ਣ ਸਿਰਫ਼ ਭਾਸ਼ਣ ਹੀ ਨਹੀਂ ਹਨ ਬਲਕਿ ਇਕ ਪੂਰੇ ਭਾਈਚਾਰੇ ਦੇ ਕਤਲ ਦਾ ਸੱਦਾ ਦਿੱਤਾ ਗਿਆ ਹੈ। ਉਨ੍ਹਾਂ ਲਿਖਿਆ, ‘ਇਹ ਭਾਸ਼ਣ, ਨਾ ਸਿਰਫ਼ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਖ਼ਤਰਾ ਹਨ ਬਲਕਿ ਕਰੋੜਾਂ ਮੁਸਲਮਾਨ ਨਾਗਰਿਕਾਂ ਦੀ ਜਾਨ ਨੂੰ ਵੀ ਖ਼ਤਰੇ ਵਿਚ ਪਾ ਰਹੇ ਹਨ। ਇਸ ਗੱਲ ਵੱਲ ਵੀ ਧਿਆਨ ਦਿਵਾਇਆ ਗਿਆ ਹੈ ਕਿ ਹਾਲ ਹੀ ਵਿਚ ਦਿੱਤੇ ਭਾਸ਼ਣ ਇਕ ਲੜੀ ਦਾ ਹਿੱਸਾ ਹਨ ਜੋ ਕਿ ਪਹਿਲਾਂ ਵੀ ਦਿੱਤੇ ਗਏ ਹਨ। ਇਸ ਲਈ ਤੁਰੰਤ ਨਿਆਂਪਾਲਿਕਾ ਦੇ ਦਖ਼ਲ ਦੀ ਲੋੜ ਹੈ ਤਾਂ ਕਿ ਇਸ ਤਰ੍ਹਾਂ ਦੇ ਸਮਾਗਮ ਰੋਕੇ ਜਾ ਸਕਣ ਜੋ ਕਿ ਦਿਨ-ਪ੍ਰਤੀ-ਦਿਨ ਵਧਦੇ ਹੀ ਜਾ ਰਹੇ ਹਨ।’ ਇਸ ਪੱਤਰ ਉਤੇ ਸੀਨੀਅਰ ਵਕੀਲ ਸਲਮਾਨ ਖ਼ੁਰਸ਼ੀਦ, ਦੁਸ਼ਯੰਤ ਦਵੇ ਤੇ ਮੀਨਾਕਸ਼ੀ ਅਰੋੜਾ ਦੇ ਹਸਤਾਖ਼ਰ ਵੀ ਹਨ। ਉੱਤਰਾਖੰਡ ਵਿਚ ਇਸ ਮਾਮਲੇ ’ਚ ਜਿਤੇਂਦਰ ਨਾਰਾਇਣ ਤਿਆਗੀ ਤੇ ਹੋਰਾਂ ਖ਼ਿਲਾਫ਼ ਪਹਿਲਾਂ ਹੀ ਐਫਆਈਆਰ ਹੋ ਚੁੱਕੀ ਹੈ। ਇਨ੍ਹਾਂ ’ਤੇ ਦੋਸ਼ ਹੈ ਕਿ ‘ਧਰਮ ਸੰਸਦ’ ਸਮਾਗਮ ਦੌਰਾਨ ਇਨ੍ਹਾਂ ਘੱਟ ਗਿਣਤੀਆਂ ਖ਼ਿਲਾਫ਼ ਨਫ਼ਰਤੀ ਭਾਸ਼ਣ ਦੇ ਕੇ ਹਿੰਸਾ ਦਾ ਸੱਦਾ ਦਿੱਤਾ। ਇਸੇ ਦੌਰਾਨ ਅੱਜ ‘ਧਰਮ ਸੰਸਦ’ ਨਫ਼ਰਤੀ ਭਾਸ਼ਣ ਮਾਮਲੇ ’ਚ ਹਰਿਦੁਆਰ ਪੁਲੀਸ ਨੇ ਦੋ ਹੋਰਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸਮਾਗਮ ਦੀ ਫੁਟੇਜ ਸਕੈਨ ਕਰਨ ਮਗਰੋਂ ਸਵਾਮੀ ਧਰਮਦਾਸ ਤੇ ਸਾਧਵੀ ਅੰਨਾਪੂਰਨਾ ਦਾ ਨਾਂ ਐਫਆਈਆਰ ਵਿਚ ਜੋੜਿਆ ਗਿਆ ਹੈ। -ਪੀਟੀਆਈ