ਨਵੀਂ ਦਿੱਲੀ, 16 ਜਨਵਰੀ
ਪਿਛਲੇ ਸਾਲ ਜੰਮੂ ਕਸ਼ਮੀਰ ਵਿਚ ਇਕ ਹੈਲੀਕਾਪਟਰ ਹਾਦਸੇ ’ਚ ਸ਼ਹੀਦ ਹੋਏ ਭਾਰਤੀ ਥਲ ਸੈਨਾ ਦੇ ਪਾਇਲਟ ਦੇ ਪਿਤਾ ਨੇ ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਹੈ ਕਿ ਫ਼ੌਜ ਦੇ ਸਾਰੇ ਪਾਇਲਟਾਂ ਲਈ ਪਾਣੀ ਵਿਚ ਜਿਊਂਦੇ ਰਹਿਣ ਦੀ ਸਿਖਲਾਈ ਜ਼ਰੂਰੀ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਲੋੜੀਂਦੇ ਜੀਵਨ ਰੱਖਿਅਕ ਉਪਕਰਨ ਮੁਹੱਈਆ ਕੀਤੇ ਜਾਣ। ਜ਼ਿਕਰਯੋਗ ਹੈ ਕਿ ਹਰੀਸ਼ ਚੰਦਰ ਜੋਸ਼ੀ ਦਾ ਪੁੱਤਰ ਕੈਪਟਨ ਜਯੰਤ ਜੋਸ਼ੀ ਭਾਰਤੀ ਥਲ ਸੈਨਾ ਦੇ ਹਵਾਬਾਜ਼ੀ ਕੋਰ ਦੀ 254 ਸਕੁਐਡਰਨ ਦਾ ਪਾਇਲਟ ਸੀ। 3 ਅਗਸਤ 2021 ਨੂੰ ਗਸ਼ਤ ਦੌਰਾਨ ਉਸ ਦਾ ਹੈਲੀਕਾਪਟਰ ਜੰਮੂ ਕਸ਼ਮੀਰ ਵਿਚ ਰਣਜੀਤ ਸਾਗਰ ਡੈਮ ’ਤੇ ਹਾਦਸਾਗ੍ਰਸਤ ਹੋ ਗਿਆ ਸੀ।
ਰਾਸ਼ਟਰਪਤੀ ਨੂੰ ਲਿਖੇ ਪੱਤਰ ਵਿਚ ਹਰੀਸ਼ ਚੰਦਰ ਜੋਸ਼ੀ ਨੇ ਕਿਹਾ, ‘‘ਇਸ ਹਾਦਸੇ ਨੇ ਫ਼ੌਜ ਦੇ ਹਵਾਬਾਜ਼ੀ ਕੋਰ ਵੱਲੋਂ ਸਿਖਲਾਈ ਦੌਰਾਨ ਅਪਣਾਏ ਜਾਂਦੇ ਸੁਰੱਖਿਆ ਮਾਪਦੰਡਾਂ ਵਿਚ ਇਕ ਵੱਡੀ ਘਾਟ ਨੂੰ ਜੱਗ ਜ਼ਾਹਿਰ ਕੀਤਾ। ਇਸ ਦੌਰਾਨ ਫ਼ੌਜ ਦੇ ਹਵਾਬਾਜ਼ੀ ਕੋਰ ਦੀ ਜ਼ਿੰਮੇਵਾਰੀ ਸੰਭਾਲਣ ਵਾਲੇ ਪਾਇਲਟਾਂ ਦੀ ਸੁਰੱਖਿਆ ਅਤੇ ਸਿਖਲਾਈ ਪ੍ਰਤੀ ਲਾਪ੍ਰਵਾਹੀ ਵੀ ਜੱਗ ਜ਼ਾਹਿਰ ਹੋਈ।’’
ਸ੍ਰੀ ਜੋਸ਼ੀ ਤੋਂ ਮਿਲੀ ਜਾਣਕਾਰੀ ਅਨੁਸਾਰ ਰਾਸ਼ਟਰਪਤੀ ਦੇ ਸਕੱਤਰੇਤ ਵੱਲੋਂ ਇਹ ਸ਼ਿਕਾਇਤ ਰੱਖਿਆ ਸਕੱਤਰ ਕੋਲ ਭੇਜ ਦਿੱਤੀ ਗਈ ਹੈ। ਉਨ੍ਹਾਂ ਕਿਹਾ, ‘‘ਮੇਰਾ ਸਵਾਲ ਇਹ ਹੈ ਕਿ ਜਦੋਂ ਰੁੱਦਰਾ ਹੈਲੀਕਾਪਟਰ ਪਾਣੀ ’ਤੇ ਉੱਡਣ ਲਈ ਬਣਿਆ ਹੀ ਨਹੀਂ ਤਾਂ ਇਨ੍ਹਾਂ ਹੈਲੀਕਾਪਟਰਾਂ ਨੂੰ ਹਰ ਰੋਜ਼ ਪਾਣੀ ਦੇ ਐਨੇ ਵਿਸ਼ਾਲ ਵਿਸਤਾਰ ’ਤੇ ਕਿਉਂ ਭੇਜਿਆ ਜਾਂਦਾ ਹੈ?’’ ਉਨ੍ਹਾਂ ਕਿਹਾ ਕਿ ਰੋਜ਼ਾਨਾ ਤੌਰ ’ਤੇ ਪਾਣੀ ਉੱਪਰ ਉੱਡਣ ਲਈ ਇਕ ਵਿਸ਼ੇਸ਼ ਸਿਖਲਾਈ ਦੀ ਲੋੜ ਹੁੰਦੀ ਹੈ। ਇਹ ਸਿਖਲਾਈ ਜ਼ਮੀਨ ਉੱਪਰ ਉੱਡਣ ਦੀ ਸਿਖਲਾਈ ਨਾਲੋਂ ਵੱਖ ਹੁੰਦੀ ਹੈ। ਆਸਾਨ ਸ਼ਬਦਾਂ ਵਿਚ ਉਹ ਡੂੰਘਾਈ ਦਾ ਅੰਦਾਜ਼ਾ ਨਹੀਂ ਲਗਾ ਸਕੇ ਅਤੇ ਉਨ੍ਹਾਂ ਦਾ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਉਨ੍ਹਾਂ ਕਿਹਾ ਕਿ ਪਾਣੀ ਉੱਪਰ ਉੱਡਣ ਲਈ ਵਿਸ਼ੇਸ਼ ਸਿਖਲਾਈ ਅਤੇ ਲੋੜੀਂਦੇ ਸੁਰੱਖਿਆ ਉਪਕਰਨਾਂ ਦੀ ਘਾਟ ਸ਼ਾਇਦ ਇਸ ਹਾਦਸੇ ਲਈ ਜ਼ਿੰਮੇਵਾਰ ਸਨ।
ਸ੍ਰੀ ਜੋਸ਼ੀ ਨੇ ਰਾਸ਼ਟਰਪਤੀ ਨੂੰ ਅਪੀਲ ਕੀਤੀ ਕਿ ਉਸ ਦੇ ਪੁੱਤਰ ਤੇ ਹੋਰ ਪਾਇਲਟਾਂ ਦੀ ਮੌਤ ਲਈ ਜ਼ਿੰਮੇਵਾਰੀ ਤੈਅ ਕੀਤੀ ਜਾਵੇ ਅਤੇ ਨੇਮਾਂ ਦੀ ਉਲੰਘਣਾ ਕਰਨ ਤੇ ਪਾਇਲਟਾਂ ਦੀ ਸੁਰੱਖਿਆ ਪ੍ਰਤੀ ਲਾਪ੍ਰਵਾਹੀ ਵਰਤਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ। -ਪੀਟੀਆਈ