ਸ੍ਰੀਨਗਰ: ਸੁਰੱਖਿਆ ਬਲਾਂ ਨੇ ਜੰਮੂ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਵਿਚ ਲਸ਼ਕਰ-ਏ-ਤੋਇਬਾ ਨਾਲ ਜੁੜੇ ਅਤਿਵਾਦੀਆਂ ਦਾ ਸਾਥੀ ਕਾਬੂ ਕੀਤਾ ਹੈ। ਪੁਲੀਸ ਮੁਤਾਬਕ ਉਸ ਦੇ ਕਬਜ਼ੇ ’ਚੋਂ ਹਥਿਆਰ ਤੇ ਹੋਰ ਅਸਲਾ ਬਰਾਮਦ ਕੀਤਾ ਗਿਆ ਹੈ। ਖ਼ੁਫ਼ੀਆ ਸੂਚਨਾ ਦੇ ਅਧਾਰ ’ਤੇ ਬਲਾਂ ਨੇ ਉੱਤਰੀ ਕਸ਼ਮੀਰ ਦੇ ਜ਼ਿਲ੍ਹੇ ਦੇ ਮੰਡੀਗਾਮ ਕਰਾਲਗੁੰਡ ਪਿੰਡ ਵਿਚ ਤਲਾਸ਼ੀ ਮੁਹਿੰਮ ਵਿੱਢੀ ਸੀ। ਇਸ ਦੌਰਾਨ ਇਲਾਕੇ ਵਿਚ ਸਥਿਤ ਬਾਗ਼ਾਂ ਨੂੰ ਘੇਰਾ ਪਾਇਆ ਗਿਆ। ਤਲਾਸ਼ ਦੌਰਾਨ ਅਕੀਲ ਅਹਿਮਦ ਪਾਰੇ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਅਕੀਲ ਲਸ਼ਕਰ ਨਾਲ ਜੁੜੇ ਅਤਿਵਾਦੀਆਂ ਦਾ ਸਹਿਯੋਗੀ ਹੈ। ਕੇਸ ਦਰਜ ਕਰ ਲਿਆ ਗਿਆ ਹੈ ਤੇ ਜਾਂਚ ਆਰੰਭੀ ਗਈ ਹੈ। ਦੱਸਣਯੋਗ ਹੈ ਕਿ ਸ਼ੁੱਕਰਵਾਰ ਨੂੰ ਅਨੰਤਨਾਗ ਜ਼ਿਲ੍ਹੇ ਵਿਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ’ਚ ਲਸ਼ਕਰ ਦੇ ਦੋ ਅਤਿਵਾਦੀ ਕਮਾਂਡਰ ਮਾਰੇ ਗਏ ਸਨ। -ਪੀਟੀਆਈ