ਰਮੇਸ਼ ਭਾਰਦਵਾਜ
ਲਹਿਰਾਗਾਗਾ, 10 ਮਾਰਚ
ਇਥੇ ਐੱਸਡੀਐੱਮ ਦਫ਼ਤਰ ਅੱਗੇ ਫਰਵਰੀ ਮਹੀਨੇ ’ਚ ਨਗਰ ਕੌਂਸਲ ਦੀਆਂ ਚੋਣਾਂ ਵਿੱਚ ਸੱਤਾਧਾਰੀ ਕਾਂਗਰਸ ਪਾਰਟੀ ਵੱਲੋਂ ਕੀਤੀ ਗਈ ਕਥਿਤ ਧੱਕੇਸ਼ਾਹੀ ਦਾ ਮੂੰਹ ਤੋੜ ਜਵਾਬ ਦੇਣ ਲਈ ਲਹਿਰਾ ਵਿਕਾਸ ਮੰਚ ਦੇ ਕਨਵੀਨਰ ਐਡਵੋਕੇਟ ਵਰਿੰਦਰ ਗੋਇਲ ਦੀ ਅਗਵਾਈ ਹੇਠ ਲਗਾਤਾਰ ਸੰਘਰਸ਼ ਜਾਰੀ ਹੈ। ਐਡਵੋਕੇਟ ਗੋਰਵ ਗੋਇਲ ਨੇ ਭੁੱਖ ਹੜਤਾਲ ਦੇ 21ਵੇਂ ਦਿਨ ਦੀ ਅਗਵਾਈ ਕਰਦੇ ਹੋਏ ਕਿਹਾ ਕਿ ਚੋਣ ਨਤੀਜਿਆਂ ਦੌਰਾਨ ਵਾਰਡ ਨੰਬਰ ਦੋ ਅਤੇ ਅੱਠ ਵਾਰਡ ਦੇ ਅਸਲ ਜੇਤੂਆਂ ਸੁਰਿੰਦਰ ਕੌਰ ਅਤੇ ਸੁਰਿੰਦਰ ਸਿੰਘ ਜੱਗੀ ਨੂੰ ਐੱਸਡੀਐੱਮ ਨੇ ਹਾਰੇ ਕਰਾਰ ਦਿੱਤਾ। ਐਡਵੋਕੇਟ ਗੋਰਵ ਗੋਇਲ ਨੇ ਕਿਹਾ ਕਿ ਮੰਚ ਦੀ ਇੱਕੋ ਇੱਕ ਮੰਗ ਹੈ ਕਿ ਐੱਸਡੀਐੱਮ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਜਾਵੇ ਅਤੇ ਅਸਲ ਜੇਤੂਆਂ ਨੂੰ ਇਨਸਾਫ ਦੇ ਕੇ ਮੁੜ ਤੋਂ ਜੇਤੂਆਂ ਐਲਾਨ ਕੀਤਾ ਜਾਵੇ। ਇਸ ਮੌਕੇ ਦੀਪਕ ਜੈਨ, ਹਰੀ ਰਾਮ ਭੱਟੀ, ਨੰਦ ਲਾਲ ਨੰਦੂ, ਮਨੀਸ਼ ਗਰਗ, ਸੰਦੀਪ ਸਿੰਘ, ਬਿੱਟੂ ਅਟਵਾਲ, ਸੁਨੀਲ ਕੁਮਾਰ ਬਬਲੀ ਤੇ ਵੱਖ-ਵੱਖ ਵਾਰਡਾਂ ਦੀਆਂ ਔਰਤਾਂ ਨੇ ਸ਼ਮੂਲੀਅਤ ਕੀਤੀ।