ਨਵੀਂ ਦਿੱਲੀ, 3 ਸਤੰਬਰ
ਸੰਯੁਕਤ ਕਿਸਾਨ ਮੋਰਚਾ ਵੱਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਲਈ ਦਿੱਤੇ ਗਏ 25 ਸਤੰਬਰ ਦੇ ‘ਭਾਰਤ ਬੰਦ’ ਦੇ ਸੱਦੇ ਨੂੰ ਖੱਬੇ-ਪੱਖੀ ਪਾਰਟੀਆਂ ਨੇ ਆਪਣੀ ਹਮਾਇਤ ਦਿੱਤੀ। ਖੱਬੇ-ਪੱਖੀ ਪਾਰਟੀਆਂ ਸੀਪੀਆਈ (ਐੱਮ), ਸੀਪੀਆਈ, ਫਾਰਵਰਡ ਬਲੌਕ ਅਤੇ ਆਰਐੱਸਪੀ ਨੇ ਜਾਰੀ ਸਾਂਝੇ ਪ੍ਰੈਸ ਬਿਆਨ ਰਾਹੀਂ ਲੋਕਾਂ ਨੂੰ ਹੜਤਾਲ ਦੀ ਹਮਾਇਤ ਵਿੱਚ ਅੱਗੇ ਆਉਣ ਦੀ ਅਪੀਲ ਕੀਤੀ। ਇਸ ਬਿਆਨ ਵਿੱਚ ਕਿਹਾ ਗਿਆ ਕਿ ਕਿਸਾਨਾਂ ਵੱਲੋਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਅਤੇ ਫ਼ਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਦੇਣ ਦੀ ਮੰਗ ਲਈ ਵਿੱਢਿਆ ਸੰਘਰਸ਼ ਦਸਵੇਂ ਮਹੀਨੇ ਵਿੱਚ ਦਾਖਲ ਹੋ ਗਿਆ ਹੈ।
ਜ਼ਿਕਰਯੋਗ ਹੈ ਕਿ ਨਰਿੰਦਰ ਮੋਦੀ ਸਰਕਾਰ, ਸੰਘਰਸ਼ ਕਰ ਰਹੇ ਕਿਸਾਨਾਂ ਨਾਲ ਰਾਬਤਾ ਕਰਨ ਤੋਂ ਲਗਾਤਾਰ ਕੰਨੀ ਕਤਰਾ ਰਹੀ ਹੈ। ਖੱਬੇ-ਪੱਖੀ ਪਾਰਟੀਆਂ ਨੇ ਮੋਦੀ ਸਰਕਾਰ ਦੇ ਅੜੀਅਲ ਰਵੱਈਏ ਦੀ ਨਿੰਦਾ ਕਰਦਿਆਂ ਕਿਹਾ ਕਿ ਖੇਤੀਬਾੜੀ ਕਾਨੂੰਨ ਤੁਰੰਤ ਵਾਪਸ ਲਏ ਜਾਣ, ਐੱਮਐੱਸਪੀ ਦੀ ਗਾਰੰਟੀ ਯਕੀਨੀ ਬਣਾਈ ਜਾਵੇ, ਕੌਮੀ ਮੁਦਰੀਕਰਨ ਪਾਈਪਲਾਈਨ ਰੱਦ ਕੀਤੀ ਜਾਵੇ। ਬਿਆਨ ਰਾਹੀਂ ਖੱਬੇਪੱਖੀ ਪਾਰਟੀਆਂ ਨੇ ਭਾਰਤ ਬੰਦ ਦੀ ਸਫ਼ਲਤਾ ਲਈ ਸਰਗਰਮ ਭੂਮਿਕਾ ਨਿਭਾਉਣ ਦਾ ਸੱਦਾ ਦਿੱਤਾ। -ਪੀਟੀਆਈ