ਪੁਣੇ, 25 ਅਕਤੂਬਰ
ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ‘ਪੁਣੇ ਡਾਇਲਾਗ ਆਨ ਨੈਸ਼ਨਲ ਸਕਿਉਰਿਟੀ’ ਦੇ ਉਦਘਾਟਨੀ ਸਮਾਗਮ ਮੌਕੇ ਵੀਡੀਓ ਕਾਨਫਰੰਸਿੰਗ ਜ਼ਰੀਏ 28 ਅਕਤੂਬਰ ਨੂੰ ਸੰਬੋਧਨ ਕਰਨਗੇ। ਇਹ ਦੋ ਦਿਨਾ ਕਾਨਫਰੰਸ ਪੁਣੇ ਇੰਟਰਨੈਸ਼ਨਲ ਸੈਂਟਰ ਵਲੋਂ ਕਰਵਾਈ ਜਾ ਰਹੀ ਹੈ। ਪ੍ਰਬੰਧਕਾਂ ਨੇ ਦੱਸਿਆ ਕਿ ਇਸ ਕਾਨਫਰੰਸ ਵਿਚ ਕਰੋਨਾ ਮਹਾਮਾਰੀ ਤੇ ਹੋਰ ਚੁਣੌਤੀਆਂ ਦਾ ਕੌਮੀ ਸੁਰੱਖਿਆ ’ਤੇ ਪ੍ਰਭਾਵ ਸਬੰਧੀ ਚਰਚਾ ਕੀਤੀ ਜਾਵੇਗੀ।
ਪੁਣੇ ਇੰਟਰਨੈਸ਼ਨਲ ਸੈਂਟਰ ਦੇ ਟਰੱਸਟੀ ਲੈਫਟੀਨੈਂਟ ਜਨਰਲ (ਸੇਵਾਮੁਕਤ) ਵਿਨਾਇਕ ਪਟਨਾਕਰ ਨੇ ਦੱਸਿਆ ਕਿ ਇਸ ਮੌਕੇ ਬੁਲਾਰੇ ਇਨ੍ਹਾਂ ਚੁਣੌਤੀਆਂ ਦੇ ਹੱਲ ਲਈ ਨੀਤੀਆਂ ਅਪਣਾਉਣ ਬਾਰੇ ਸਲਾਹ ਦੇਣਗੇ। ਇਸ ਕਾਨਫਰੰਸ ਵਿਚ ਨੀਤੀ ਆਯੋਗ ਦੇ ਮੀਤ ਪ੍ਰਧਾਨ ਡਾ. ਰਾਜੀਵ ਕੁਮਾਰ ਤੇ ਸਾਬਕਾ ਫੌਜ ਮੁਖੀ ਤੇ ਕੌਮੀ ਆਫਤ ਪ੍ਰਬੰਧਨ ਵਿਭਾਗ ਦੇ ਮੀਤ ਚੇਅਰਮੈਨ ਜਨਰਲ (ਸੇਵਾਮੁਕਤ) ਐਨ ਸੀ ਵਿੱਜ ਵੀ ਸ਼ਾਮਲ ਹੋਣਗੇ। ਪ੍ਰਬੰਧਕਾਂ ਨੇ ਦੱਸਿਆ ਕਿ ਕੌਮੀ ਸੁਰੱਖਿਆ ਤੋਂ ਇਲਾਵਾ ਆਧੁਨਿਕ ਤਕਨਾਲੋਜੀ, ਊਰਜਾ, ਸਿਹਤ, ਆਫਤ ਤੇ ਮਹਾਮਾਰੀ ’ਤੇ ਵੀ ਚਰਚਾ ਕੀਤੀ ਜਾਵੇਗੀ। -ਪੀਟੀਆਈ