ਨਵੀਂ ਦਿੱਲੀ, 23 ਅਪਰੈਲ
ਭਾਰਤ ਦੇ ਚੀਫ਼ ਜਸਟਿਸ ਸ਼ਰਦ ਅਰਵਿੰਦ ਬੋਬੜੇ ਨੇ ਅੱਜ ਕਿਹਾ ਕਿ ਉਹ ‘ਖੁਸ਼ੀ ਅਤੇ ਬਹੁਤ ਚੰਗੀਆਂ ਯਾਦਾਂ’ ਨਾਲ ਸੁਪਰੀਮ ਕੋਰਟ ਤੋਂ ਵਿਦਾਈ ਲੈ ਰਹੇ ਹਨ ਅਤੇ ਇਸ ਗੱਲ ਦੀ ਤਸੱਲੀ ਹੈ ਕਿ ਉਨ੍ਹਾਂ ਬਿਹਤਰੀਨ ਕੰਮ ਕੀਤਾ ਹੈ। ਜਸਟਿਸ ਬੋਬੜੇ ਨੇ ਨਵੰਬਰ 2019 ’ਚ ਦੇਸ਼ ਦੇ 47ਵੇਂ ਚੀਫ਼ ਜਸਟਿਸ ਵਜੋਂ ਹਲਫ਼ ਲਿਆ ਸੀ ਅਤੇ ਅੱਜ ਉਹ ਸੇਵਾਮੁਕਤ ਹੋ ਗਏ ਹਨ। ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਅਯੁੱਧਿਆ ’ਚ ਰਾਮ ਜਨਮਭੂਮੀ ਬਾਰੇ ਇਤਿਹਾਸਕ ਫ਼ੈਸਲੇ ਸਮੇਤ ਕਈ ਅਹਿਮ ਕੇਸਾਂ ਦੇ ਫ਼ੈਸਲੇ ਕੀਤੇ। ਕਰੋਨਾਵਾਇਰਸ ਮਹਾਮਾਰੀ ਸਮੇਂ ਉਨ੍ਹਾਂ ਭਾਰਤੀ ਨਿਆਂਪਾਲਿਕਾ ਦੀ ਅਗਵਾਈ ਕੀਤੀ ਅਤੇ ਵੀਡੀਓ ਕਾਨਫਰੰਸਿੰਗ ਰਾਹੀਂ ਸਿਖਰਲੀ ਅਦਾਲਤ ਦਾ ਕੰਮਕਾਰ ਕਰਵਾਇਆ। ਸੁਪਰੀਮ ਕੋਰਟ ’ਚ ਆਪਣੇ ਵਿਦਾਇਗੀ ਭਾਸ਼ਣ ’ਚ ਸ੍ਰੀ ਬੋਬੜੇ ਨੇ ਕਿਹਾ,‘‘ਆਖਰੀ ਦਿਨ ਰਲੇ-ਮਿਲੇ ਜਜ਼ਬਾਤ ਸਾਹਮਣੇ ਆਉਂਦੇ ਹਨ ਜਿਨ੍ਹਾਂ ਨੂੰ ਬਿਆਨ ਕਰਨਾ ਮੁਸ਼ਕਲ ਹੈ। ਮੈਂ ਅਜਿਹੇ ਸਮਾਗਮਾਂ ’ਚ ਪਹਿਲਾਂ ਵੀ ਸ਼ਾਮਲ ਹੋਇਆ ਹਾਂ ਪਰ ਅਜਿਹਾ ਅਹਿਸਾਸ ਪਹਿਲਾਂ ਨਹੀਂ ਹੋਇਆ। ਇਸ ਕਾਰਨ ਮੈਂ ਉਸ ਸਮੇਂ ਆਪਣੀਆਂ ਗੱਲਾਂ ਸਪੱਸ਼ਟ ਤੌਰ ’ਤੇ ਆਖ ਸਕਿਆ ਸੀ।’’ ਜਸਟਿਸ ਬੋਬੜੇ ਨੇ ਕਿਹਾ ਕਿ ਉਹ 21 ਸਾਲ ਤੱਕ ਜਸਟਿਸ ਵਜੋਂ ਸੇਵਾਵਾਂ ਦੇਣ ਮਗਰੋਂ ਅਹੁਦਾ ਛੱਡ ਰਹੇ ਹਨ ਅਤੇ ਸਿਖਰਲੀ ਅਦਾਲਤ ’ਚ ਉਨ੍ਹਾਂ ਦਾ ਸਭ ਤੋਂ ਵਧੀਆ ਤਜਰਬਾ ਰਿਹਾ ਅਤੇ ਸਾਥੀ ਜੱਜਾਂ ਨਾਲ ਵੀ ਦੋਸਤਾਨਾ ਸਬੰਧ ਰਹੇ। ਉਨ੍ਹਾਂ ਕਿਹਾ ਕਿ ਮਹਾਮਾਰੀ ਦੌਰਾਨ ਡਿਜੀਟਲੀ ਕੰਮ ਕਰਨਾ ਰਜਿਸਟਰੀ ਤੋਂ ਬਿਨਾਂ ਸੰਭਵ ਨਹੀਂ ਸੀ। ‘ਡਿਜੀਟਲੀ ਸੁਣਵਾਈ ਦੀਆਂ ਕਈ ਖਾਮੀਆਂ ਹਨ ਜਿਨ੍ਹਾਂ ਨੂੰ ਦੂਰ ਕੀਤਾ ਜਾ ਸਕਦਾ ਹੈ।’ ਜਸਟਿਸ ਬੋਬੜੇ ਮੁਤਾਬਕ ਅਜਿਹੀ ਸੁਣਵਾਈ ਦਾ ਇਹ ਲਾਭ ਹੋਇਆ ਕਿ ਇਸ ਦੌਰਾਨ ਕਈ ਵਕੀਲਾਂ ਦੇ ਪਿੱਛੇ ਬੰਦੂਕਾਂ ਅਤੇ ਪਿਸਤੌਲਾਂ ਸਮੇਤ ਪਹਾੜ ਤੇ ਕਈ ਕਲਾਕ੍ਰਿਤਾਂ ਦਿਖਾਈ ਦਿੱਤੀਆਂ। ‘ਉਂਜ ਐੱਸ ਜੀ ਮਹਿਤਾ ਨੇ ਆਪਣੇ ਪਿੱਛੇ ਲੱਗੀ ਪੇਂਟਿੰਗ ਨੂੰ ਹਟਾ ਲਿਆ ਹੈ।’ ਉਨ੍ਹਾਂ ਕਿਹਾ ਕਿ ਉਹ ਹੁਣ ਸੁਪਰੀਮ ਕੋਰਟ ਦੀ ਕਮਾਨ ਜਸਟਿਸ ਐੱਨ ਵੀ ਰਾਮੰਨਾ ਨੂੰ ਸੌਂਪ ਰਹੇ ਹਨ ਜਿਨ੍ਹਾਂ ’ਤੇ ਯਕੀਨ ਹੈ ਕਿ ਉਹ ਅਦਾਲਤ ਦੀ ਯੋਗ ਤਰੀਕੇ ਨਾਲ ਅਗਵਾਈ ਕਰਨਗੇ। ਅਟਾਰਨੀ ਜਨਰਲ ਕੇ ਕੇ ਵੇਣੂਗੋਪਾਲ ਨੇ ਕਿਹਾ ਕਿ ਚੀਫ਼ ਜਸਟਿਸ ਦਾ ਕਾਰਜਕਾਲ ਘੱਟੋ ਘੱਟ ਤਿੰਨ ਵਰ੍ਹਿਆਂ ਦਾ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਚੀਫ਼ ਜਸਟਿਸ ਬੋਬੜੇ ਨੇ ਮਹਾਮਾਰੀ ਦੌਰਾਨ ਡਿਜੀਟਲੀ ਸੁਣਵਾਈ ਦੀ ਪਹਿਲ ਕੀਤੀ ਅਤੇ ਕਰੀਬ 50 ਹਜ਼ਾਰ ਕੇਸਾਂ ਦਾ ਨਬਿੇੜਾ ਕੀਤਾ ਗਿਆ। ਸੌਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਕਿ ਜਸਟਿਸ ਬੋਬੜੇ ਨੂੰ ਨਾ ਸਿਰਫ਼ ਗਿਆਨੀ ਅਤੇ ਅਕਲਮੰਦ ਜਸਟਿਸ ਵਜੋਂ ਸਗੋਂ ਮਜ਼ਾਹੀਆ, ਸਨੇਹ ਅਤੇ ਧਿਆਨ ਰੱਖਣ ਵਾਲੇ ਇਨਸਾਨ ਵਜੋਂ ਵੀ ਜਾਣਿਆ ਜਾਵੇਗਾ। ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸੀਨੀਅਰ ਵਕੀਲ ਵਿਕਾਸ ਸਿੰਘ ਨੇ ਕਿਹਾ ਕਿ ਇਹ ਸੇਵਾਮੁਕਤ ਹੋਣ ਦੀ ਉਮਰ ਨਹੀਂ ਹੈ ਅਤੇ ਜੱਜਾਂ ਦੀ ਰਿਟਾਇਰਮੈਂਟ ਦੀ ਉਮਰ ਵਧਾਉਣ ਲਈ ਸੰਵਿਧਾਨ ’ਚ ਸੋਧ ਹੋਣੀ ਚਾਹੀਦੀ ਹੈ। -ਪੀਟੀਆਈ