ਨਵੀਂ ਦਿੱਲੀ, 5 ਸਤੰਬਰ
ਭਾਜਪਾ ਆਗੂਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਭ ਤੋਂ ਜ਼ਿਆਦਾ ਪ੍ਰਵਾਨਗੀ ਵਾਲਾ ਆਗੂ ਦੱਸਣ ਵਾਲੇ ਇਕ ਆਲਮੀ ਸਰਵੇਖਣ ਦਾ ਹਵਾਲਾ ਦਿੰਦਿਆਂ ਕਿਹਾ ਹੈ ਕਿ ਇਸ ਤੋਂ ਸਾਬਿਤ ਹੁੰਦਾ ਹੈ ਕਿ ਉਨ੍ਹਾਂ ਦੀਆਂ ਲੋਕ ਪੱਖੀ ਨੀਤੀਆਂ ਨੂੰ ਕਿੰਨੀ ਹਮਾਇਤ ਮਿਲਦੀ ਹੈ। ਆਲਮੀ ਆਗੂਆਂ ਦੀ ਲੋਕਪ੍ਰਿਯਤਾ ਰੇਟਿੰਗ ’ਤੇ ਨਜ਼ਰ ਰਖਣ ਵਾਲੀ ਕੰਪਨੀ ‘ਮੌਰਨਿੰਗ ਕੰਸਲਟ’ ਨੇ ਇਸ ਸੂਚੀ ’ਚ 70 ਫ਼ੀਸਦੀ ਲੋਕਾਂ ਦੀ ਪਸੰਦ ਵਜੋਂ ਮੋਦੀ ਨੂੰ ਪਹਿਲੇ ਸਥਾਨ ’ਤੇ ਰੱਖਿਆ ਹੈ। ਸੂਚੀ ’ਚ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਅਤੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਭਾਜਪਾ ਪ੍ਰਧਾਨ ਜੇ ਪੀ ਨੱਡਾ ਨੇ ਕਿਹਾ,‘‘ ਇਹ ਉਨ੍ਹਾਂ ਦੀਆਂ ਜਨ ਕਲਿਆਣ ਵਾਲੀਆਂ ਨੀਤੀਆਂ ਤੇ ਲੋਕਾਂ ਦੇ ਆਸ਼ੀਰਵਾਦ ਦਾ ਨਤੀਜਾ ਹੈ।’’ ਪਾਰਟੀ ਦੇ ਤਰਜਮਾਨ ਸੰਬਿਤ ਪਾਤਰਾ ਨੇ ਮੋਦੀ ਨੂੰ ਸਰਬਉੱਚ ਰੇਟਿੰਗ ਮਿਲਣ ’ਤੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ। -ਪੀਟੀਆਈ