ਨਵੀਂ ਦਿੱਲੀ, 29 ਨਵੰਬਰ
ਮੰਨੇ-ਪ੍ਰਮੰਨੇ ਪੱਤਰਕਾਰ ਵਿਨੋਦ ਦੂਆ ਦੀ ਹਾਲਤ ਬਹੁਤ ਗੰਭੀਰ ਹੈ ਅਤੇ ਉਹ ਆਈਸੀਯੂ ਵਿਚ ਹਨ। ਉਹ ਇਸ ਸਾਲ ਸ਼ੁਰੂ ਵਿੱਚ ਕੋਵਿਡ ਕਾਰਨ ਹਸਪਤਾਲ ਦਾਖ਼ਲ ਰਹੇ ਸਨ। ਉਨ੍ਹਾਂ ਦੀ ਧੀ ਤੇ ਅਭਿਨੇਤਰੀ-ਕਾਮੇਡੀਅਨ ਮਲਿਕਾ ਦੂਆ ਨੇ ਇਸ ਬਾਰੇ ਸੋਸ਼ਲ ਮੀਡੀਆ ’ਤੇ ਜਾਣਕਾਰੀ ਦਿੱਤੀ ਹੈ। 67 ਸਾਲਾ ਦੂਆ ਦਾ ਹਿੰਦੀ ਪੱਤਰਕਾਰੀ ’ਚ ਵੱਡਾ ਨਾਂ ਹੈ। ਉਹ ਦੂਰਦਰਸ਼ਨ ਤੇ ਐੱਨਡੀਟੀਵੀ ਉਤੇ ਕਾਫ਼ੀ ਸਮਾਂ ਛਾਏ ਰਹੇ। ਕੋਵਿਡ ਨਾਲ ਲੰਮਾ ਸਮਾਂ ਜੂਝਣ ਤੋਂ ਬਾਅਦ ਉਨ੍ਹਾਂ ਦੀ ਪਤਨੀ ਰੇਡੀਓਲੋਜਿਸਟ ਪਦਮਾਵਤੀ ਦੂਆ ਦਾ ਜੂਨ ਵਿਚ ਦੇਹਾਂਤ ਹੋ ਗਿਆ ਸੀ। ਮਲਿਕਾ ਦੂਆ ਨੇ ਲਿਖਿਆ ‘‘ਮੇਰੇ ਪਿਤਾ ਆਈਸੀਯੂ ਵਿਚ ਬੇਹੱਦ ਗੰਭੀਰ ਹਾਲਤ ਵਿਚ ਦਾਖ਼ਲ ਹਨ। ਅਪਰੈਲ ਤੋਂ ਬਾਅਦ ਉਨ੍ਹਾਂ ਦੀ ਸਿਹਤ ਲਗਾਤਾਰ ਵਿਗੜਦੀ ਗਈ ਹੈ। ਉਹ ਆਪਣੀ ਪਤਨੀ ਦੀ ਮੌਤ ਤੋਂ ਵੀ ਉੱਭਰ ਨਹੀਂ ਪਾ ਰਹੇ ਹਨ। ਉਨ੍ਹਾਂ ਇਕ ਬਿਹਤਰੀਨ ਜ਼ਿੰਦਗੀ ਗੁਜ਼ਾਰੀ ਹੈ ਤੇ ਸਾਨੂੰ ਵੀ ਦਿੱਤੀ ਹੈ। ਐਨਾ ਦਰਦ ਉਨ੍ਹਾਂ ਨੂੰ ਨਹੀਂ ਮਿਲਣਾ ਚਾਹੀਦਾ। ਲੋਕ ਉਨ੍ਹਾਂ ਨੂੰ ਬਹੁਤ ਪਿਆਰ ਕਰਦੇ ਹਨ ਤੇ ਮੈਂ ਬੇਨਤੀ ਕਰਦੀ ਹਾਂ ਕਿ ਉਨ੍ਹਾਂ ਦੀ ਸਿਹਤਯਾਬੀ ਲਈ ਪ੍ਰਾਰਥਨਾ ਕੀਤੀ ਜਾਵੇ।’’ -ਪੀਟੀਆਈ