ਗਾਂਧੀਨਗਰ: ਗੋਧਰਾ ਕਾਂਡ (2002) ਦੇ ਇਕ ਅਹਿਮ ਸਾਜ਼ਿਸ਼ਕਰਤਾ ਨੂੰ ਪੁਲੀਸ ਨੇ 19 ਸਾਲ ਬਾਅਦ ਗ੍ਰਿਫ਼ਤਾਰ ਕੀਤਾ ਹੈ। ਪੰਚਮਹਿਲਾ ਪੁਲੀਸ ਨੇ ਦਾਅਵਾ ਕੀਤਾ ਕਿ ਮੁਲਜ਼ਮ ਰਫ਼ੀਕ ਹੁਸੈਨ ਭਾਤੁਕ (51) ਰੇਲਗੱਡੀ ਸਾੜਨ ਦੀ ਸਾਜ਼ਿਸ਼ ਦੇ ‘ਮੁੱਖ ਗਰੁੱਪ’ ਦਾ ਹਿੱਸਾ ਸੀ। ਜ਼ਿਕਰਯੋਗ ਹੈ ਕਿ 27 ਫਰਵਰੀ, 2002 ਨੂੰ ਸਾਬਰਮਤੀ ਐਕਸਪ੍ਰੈੱਸ ਦੇ ਇਕ ਡੱਬੇ ਨੂੰ ਭੀੜ ਨੇ ਅੱਗ ਲਾ ਕੇ ਸਾੜ ਦਿੱਤਾ ਸੀ। ਇਸ ਘਟਨਾ ਵਿਚ 59 ‘ਕਾਰਸੇਵਕਾਂ’ ਦੀ ਮੌਤ ਹੋ ਗਈ ਸੀ। ਪੁਲੀਸ ਨੇ ਐਤਵਾਰ ਰਾਤ ਗੋਧਰਾ ਰੇਲਵੇ ਸਟੇਸ਼ਨ ਨੇੜੇ ਇਕ ਘਰ ਉਤੇ ਛਾਪਾ ਮਾਰਿਆ ਤੇ ਰਫ਼ੀਕ ਨੂੰ ਗ੍ਰਿਫ਼ਤਾਰ ਕਰ ਲਿਆ। ਉਸ ’ਤੇ ਸਾਜ਼ਿਸ਼ ਘੜਨ ਤੇ ਭੀੜ ਨੂੰ ਡੱਬੇ ਨੂੰ ਅੱਗ ਲਾਉਣ ਲਈ ਉਕਸਾਉਣ ਦੇ ਦੋਸ਼ ਲਾਏ ਗਏ ਹਨ। ਪੁਲੀਸ ਨੇ ਦਾਅਵਾ ਕੀਤਾ ਹੈ ਕਿ ਮੁਲਜ਼ਮ ਪੱਥਰਬਾਜ਼ੀ ਵਿਚ ਵੀ ਸ਼ਾਮਲ ਸੀ ਤੇ ਉਸ ਨੇ ਡੱਬੇ ਦੇ ਅੰਦਰ ਪੈਟਰੋਲ ਵੀ ਸੁੱਟਿਆ। -ਆਈਏਐਨਐੱਸ