ਮੁੰਬਈ: ਬੌਲੀਵੁੱਡ ਦੀ ਉੱਘੀ ਅਦਾਕਾਰਾ ਸਾਇਰਾ ਬਾਨੋ ਨੂੰ ਬਲੱਡ ਪ੍ਰੈੱਸ਼ਰ ਘਟਣ ’ਤੇ ਇਸ ਹਫ਼ਤੇ ਦੇ ਸ਼ੁਰੂ ਵਿਚ ਇੱਥੋਂ ਦੇ ਇਕ ਹਸਪਤਾਲ ਦੇ ਆਈਸੀਯੂ ਵਿਚ ਭਰਤੀ ਕਰਵਾਇਆ ਗਿਆ ਸੀ, ਜਿੱਥੇ ਅਦਾਕਾਰਾ ਦੀ ਹਾਲਤ ’ਚ ਹੁਣ ਸੁਧਾਰ ਆਇਆ ਦੱਸਿਆ ਗਿਆ ਹੈ। ਇਹ ਜਾਣਕਾਰੀ ਅੱਜ ਹਸਪਤਾਲ ਦੇ ਇਕ ਅਧਿਕਾਰੀ ਨੇ ਦਿੱਤੀ। ਜ਼ਿਕਰਯੋਗ ਹੈ ਕਿ ਫਿਲਮ ‘ਪੜੋਸਨ’ ਦੀ 77 ਸਾਲਾ ਇਸ ਅਦਾਕਾਰਾ ਦੇ ਪਤੀ ਦਲੀਪ ਕੁਮਾਰ ਦਾ ਜੁਲਾਈ ਮਹੀਨੇ ਵਿਚ ਦੇਹਾਂਤ ਹੋ ਗਿਆ ਸੀ। ਹਸਪਤਾਲ ਦੇ ਅਧਿਕਾਰੀ ਨੇ ਦੱਸਿਆ, ‘‘ਤਿੰਨ ਦਿਨ ਪਹਿਲਾਂ ਸਾਇਰਾ ਬਾਨੋ ਦੀ ਤਬੀਅਤ ਖ਼ਰਾਬ ਹੋਣ ’ਤੇ ਉਸ ਨੂੰ ਖਾਰ ਹਿੰਦੂਜਾ ਹਸਪਤਾਲ ਵਿਚ ਲਿਆਂਦਾ ਗਿਆ ਸੀ। ਬਲੱਡ ਪ੍ਰੈਸ਼ਰ ਘਟਣ ਕਾਰਨ ਅਦਾਕਾਰਾ ਨੂੰ ਹਸਪਤਾਲ ਵਿਚ ਭਰਤੀ ਕੀਤਾ ਗਿਆ ਸੀ। ਹੁਣ ਉਹ ਪਹਿਲਾਂ ਨਾਲੋਂ ਕਾਫੀ ਠੀਕ ਹੈ। ਚਿੰਤਾ ਵਾਲੀ ਕੋਈ ਗੱਲ ਨਹੀਂ ਹੈ।’’ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਅਦਾਕਾਰਾ ਨਾਲ ਗੱਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਹਸਪਤਾਲ ਕੋਈ ਕੋਵਿਡ ਸੈਂਟਰ ਨਹੀਂ ਹੈ। ਹਾਲਾਂਕਿ, ਸਾਇਰਾ ਬਾਨੋ ਦੇ ਕੋਵਿਡ-19 ਦੇ ਟੈਸਟ ਦੀ ਰਿਪੋਰਟ ਨੈਗੇਟਿਵ ਆਈ ਸੀ ਪਰ ਫਿਰ ਵੀ ਮਹਾਮਾਰੀ ਦੇ ਮੱਦੇਨਜ਼ਰ ਨੇਮਾਂ ਅਨੁਸਰ ਉਸ ਨੂੰ ਵੱਖ ਰੱਖਿਆ ਹੋਇਆ ਹੈ ਅਤੇ ਅਗਲੇ ਇਕ-ਦੋ ਦਿਨਾਂ ਵਿਚ ਉਸ ਨੂੰ ਛੁੱਟੀ ਮਿਲਣ ਦੀ ਆਸ ਹੈ। -ਪੀਟੀਆਈ