ਨਵੀਂ ਦਿੱਲੀ, 30 ਅਗਸਤ
ਸ਼ਸ਼ੀ ਥਰੂਰ ਵੱਲੋਂ ਕਾਂਗਰਸ ਦੀ ਪ੍ਰਧਾਨਗੀ ਲਈ ਚੋਣ ਲੜਨ ਦੇ ਚਰਚਿਆਂ ਦਰਮਿਆਨ ਸੀਨੀਅਰ ਕਾਂਗਰਸ ਆਗੂਆਂ ਤੇ ਜੀ-23 ਸਮੂਹ ਦੇ ਮੈਂਬਰਾਂ ਭੁਪਿੰਦਰ ਸਿੰਘ ਹੁੱਡਾ, ਆਨੰਦ ਸ਼ਰਮਾ ਤੇ ਪ੍ਰਿਥਵੀਰਾਜ ਚਵਾਨ ਨੇ ਅੱਜ ਇਥੇ ਗੁਲਾਮ ਨਬੀ ਆਜ਼ਾਦ ਨਾਲ ਉਨ੍ਹਾਂ ਦੀ ਰਿਹਾਇਸ਼ ’ਤੇ ਮੁਲਾਕਾਤ ਕੀਤੀ। ਆਜ਼ਾਦ ਨੇ ਕਾਂਗਰਸ ਦੇ ਨਿਘਾਰ ਲਈ ਰਾਹੁਲ ਗਾਂਧੀ ਸਣੇ ਹੋਰ ਲੀਡਰਸ਼ਿਪ ਸਿਰ ਦੋਸ਼ ਮੜ੍ਹਦਿਆਂ ਪਿਛਲੇ ਦਿਨੀਂ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਸੀ।
ਆਜ਼ਾਦ ਦੀ ਰਿਹਾਇਸ਼ ’ਤੇ ਜੁੜੇ ਸ਼ਰਮਾ, ਹੁੱਡਾ ਤੇ ਚਵਾਨ ਨੇ ਜੀ-23 ਦੀ ਭਵਿੱਖੀ ਰਣਨੀਤੀ ਨੂੰ ਲੈ ਕੇ ਵਿਚਾਰ ਚਰਚਾ ਕੀਤੀ। ਸੂਤਰਾਂ ਮੁਤਾਬਕ ਸ਼ਸ਼ੀ ਥਰੂਰ, ਜੋ ਜੀ-23 ਦੇ ਮੈਂਬਰ ਵੀ ਹਨ, ਵੱਲੋਂ ਪਾਰਟੀ ਪ੍ਰਧਾਨ ਦੀ ਚੋਣ ਲਈ ਮੈਦਾਨ ਵਿੱਚ ਨਿੱਤਰਨ ਸਬੰਧੀ ਰਿਪੋਰਟਾਂ ਦੇ ਹਵਾਲੇ ਨਾਲ, ਕਾਂਗਰਸੀ ਆਗੂਆਂ ਨੇ ਜਥੇਬੰਦਕ ਚੋਣਾਂ ਬਾਰੇ ਇਕ ਦੂਜੇ ਦੇ ਵਿਚਾਰ ਜਾਣੇ। ਚੇਤੇ ਰਹੇ ਕਿ ਜੀ-23 ਵਿੱਚ ਸ਼ਾਮਲ ਆਗੂਆਂ ਨੇ ਅਗਸਤ 2020 ਵਿੱਚ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਲਿਖੇ ਪੱਤਰ ਵਿੱਚ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਮੁਕੰਮਲ ਰੂਪ ਵਿੱਚ ਬਦਲਣ ਤੇ ਪਾਰਟੀ ਵਿੱਚ ਸਾਰੇ ਪੱਧਰਾਂ ’ਤੇ ਚੋਣ ਕਰਵਾਉਣ ਦੀ ਮੰਗ ਕੀਤੀ ਸੀ। ਜੀ-23 ਨੇ ਪਾਰਟੀ ਲੀਡਰਸ਼ਿਪ ਵੱਲੋੋਂ ਲਏ ਕੁਝ ਫੈਸਲਿਆਂ ਦੀ ਵੀ ਨੁਕਤਾਚੀਨੀ ਕੀਤੀ ਸੀ। ਆਜ਼ਾਦ ਦੀ ਰਿਹਾਇਸ਼ ’ਤੇ ਅੱਜ ਦੀ ਇਹ ਮੀਟਿੰਗ ਅਜਿਹੇ ਮੌਕੇ ਹੋਈ ਹੈ ਜਦੋਂ ਉਨ੍ਹਾਂ ਇਹ ਐਲਾਨ ਕੀਤਾ ਹੈ ਕਿ ਅਗਾਮੀ ਚੋਣਾਂ ਤੋਂ ਪਹਿਲਾਂ ਉਹ ਜੰਮੂ ਕਸ਼ਮੀਰ ਵਿੱਚ ਆਪਣੀ ਖੁ਼ਦ ਦੀ ਪਾਰਟੀ ਬਣਾਉਣਗੇ। -ਪੀਟੀਆਈ
ਸਾਬਕਾ ਉਪ ਮੁੱਖ ਮੰਤਰੀ ਸਣੇ 64 ਕਾਂਗਰਸੀ ਆਗੂਆਂ ਵੱਲੋਂ ਅਸਤੀਫ਼ੇ
ਜੰਮੂ: ਗੁਲਾਮ ਨਬੀ ਆਜ਼ਾਦ ਦੀ ਹਮਾਇਤ ਵਿੱਚ ਜੰਮੂ ਕਸ਼ਮੀਰ ਕਾਂਗਰਸ ਨਾਲ ਸਬੰਧਤ ਆਗੂਆਂ ਵੱਲੋਂ ਅਸਤੀਫ਼ੇ ਦੇਣ ਦਾ ਸਿਲਸਿਲਾ ਅੱਜ ਵੀ ਜਾਰੀ ਰਿਹਾ। ਸਾਬਕਾ ਉਪ ਮੁੱਖ ਮੰਤਰੀ ਤਾਰਾ ਚੰਦ ਸਣੇ 64 ਆਗੂਆਂ ਨੇ ਅੱਜ ਪਾਰਟੀ ਦੀ ਮੈਂਬਰਸ਼ਿਪ ਤੋਂ ਅਸਤੀਫ਼ੇ ਦੇ ਦਿੱਤੇ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਭੇਜੇ ਸਾਂਝੇ ਅਸਤੀਫ਼ੇ ਵਿੱਚ ਇਨ੍ਹਾਂ ਆਗੂਆਂ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਨਾਲ ਦਹਾਕਿਆਂ ਪੁਰਾਣੀ ਸਾਂਝ ਹੈ, ਪਰ ਹੁਣ ਉਨ੍ਹਾਂ ਨਾਲ ਕੀਤੇ ਜਾਣ ਵਾਲਾ ਵਿਹਾਰ ਮਾੜਾ ਸੀ। -ਪੀਟੀਆਈ
ਕਾਂਗਰਸ ਵੱਲੋਂ ਆਜ਼ਾਦ ‘ਮਤਲਬੀ’ ਕਰਾਰ
ਜੰਮੂ: ਕਾਂਗਰਸ ਨੇ ਗੁਲਾਮ ਨਬੀ ਆਜ਼ਾਦ ਨੂੰ ‘ਮਤਲਬੀ ਆਦਮੀ’ ਕਰਾਰ ਦਿੱਤਾ ਹੈ। ਜੰਮੂ ਕਸ਼ਮੀਰ ਲਈ ਏਆਈਸੀਸੀ ਇੰਚਾਰਜ ਤੇ ਸੰਸਦ ਮੈਂਬਰ ਰਜਨੀ ਪਾਟਿਲ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਜ਼ਾਦ ਪਾਰਟੀ ਲੀਡਰਸ਼ਿਪ ਵੱਲੋਂ ਪਿਛਲੇ 50 ਸਾਲਾਂ ਵਿੱਚ ਦਿੱਤੀਆਂ ਅਹਿਮ ਜ਼ਿੰਮੇਵਾਰੀਆਂ ਨੂੰ ਭੁੱਲ ਗਏ। ਪਾਟਿਲ ਨੇ ਕਿਹਾ, ‘‘ਇਕ ਸਾਧੂ ਨੇ ਬਿੱਲੀ, ਕੁੱਤਾ ਤੇ ਆਖਿਰ ਨੂੰ ਚੂਹੇ ਤੋਂ ਸ਼ੇਰ ਬਣਾਇਆ। ਪਰ ਜਦੋਂ ਸ਼ੇਰ ਉਸ ਸਾਧੂ ਨੂੰ ਖਾਣ ਲਈ ਆਇਆ ਤਾਂ ਉਸ ਨੇ ਸ਼ੇਰ ਨੂੰ ਮੁੜ ਚੂਹਾ ਬਣਾ ਦਿੱਤਾ। ਠੀਕ ਇਸੇ ਤਰ੍ਹਾਂ ਮੇਰੀ ਕਾਂਗਰਸ ਪਾਰਟੀ ਨੇ ਕਿਸੇ ਨੂੰ ਚੂਹੇ ਤੋਂ ਸ਼ੇਰ ਬਣਾਇਆ ਸੀ। ਜੇਕਰ ਉਸ ਸ਼ੇਰ ਦੇ ਹੁਣ ਮਾੜੇ ਇਰਾਦੇ ਹਨ ਤਾਂ ਉਹਦੇ (ਪਾਰਟੀ) ਕੋਲ ਉਸ ਨੂੰ ਮੁੜ ਚੂਹਾ ਬਣਾਉਣ ਦੀ ਤਾਕਤ ਹੈ। ਇਹ ਤਾਕਤ ਕਾਂਗਰਸ ਪਾਰਟੀ ਦੇ ਹਰ ਵਰਕਰ ਕੋਲ ਹੈ।’’ -ਪੀਟੀਆਈ