ਨਵੀਂ ਦਿੱਲੀ/ਮੁੰਬਈ, 6 ਫਰਵਰੀ
ਭਾਜਪਾ, ਕਾਂਗਰਸ ਤੇ ਹੋਰਨਾਂ ਵੱਖ-ਵੱਖ ਸਿਆਸੀ ਧਿਰਾਂ ਦੇ ਆਗੂਆਂ ਨੇ ਅੱਜ ਲਤਾ ਮੰਗੇਸ਼ਕਰ ਨੂੰ ਸ਼ਰਧਾਂਜਲੀ ਭੇਟ ਕੀਤੀ ਤੇ ਉਨ੍ਹਾਂ ਨੂੰ ਯਾਦ ਕੀਤਾ। ਭਾਜਪਾ ਆਗੂ ਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਗਾਇਕਾ ਦੇ ਦੇਹਾਂਤ ਨਾਲ ਸਾਰਿਆਂ ਨੂੰ ਝਟਕਾ ਲੱਗਾ ਹੈ, ਪਰ ਉਨ੍ਹਾਂ ਦੀ ਆਵਾਜ਼ ਹਮੇਸ਼ਾ ਜਿਊਂਦੀ ਰਹੇਗੀ। ਐਨਸੀਪੀ ਆਗੂ ਸ਼ਰਦ ਪਵਾਰ, ਮਹਾਰਾਸ਼ਟਰ ਵਿਚ ਵਿਰੋਧੀ ਧਿਰ ਦੇ ਆਗੂ ਦੇਵੇਂਦਰ ਫੜਨਵੀਸ ਨੇ ਵੀ ਲਤਾ ਨੂੰ ਸ਼ਰਧਾਂਜਲੀ ਦਿੱਤੀ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਵੀ ‘ਭਾਰਤ ਦੀ ਕੋਇਲ’ ਲਤਾ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਦਿਲਾਂ ਨੂੰ ਛੂਹ ਲੈਣ ਵਾਲੀ ਆਵਾਜ਼, ਦੇਸ਼ਭਗਤੀ ਦੇ ਗੀਤ ਤੇ ਉਨ੍ਹਾਂ ਦੀ ਜ਼ਿੰਦਗੀ ਦਾ ਸੰਘਰਸ਼ ਆਉਣ ਵਾਲੀਆਂ ਕਈ ਪੀੜ੍ਹੀਆਂ ਨੂੰ ਪ੍ਰੇਰਿਤ ਕਰੇਗਾ।
ਸੋਨੀਆ ਨੇ ਕਿਹਾ ਕਿ ਉਹ ਲਤਾ ਨੂੰ ਉਨ੍ਹਾਂ ਦੀ ਅੰਤਿਮ ਯਾਤਰਾ ਮੌਕੇ ਸ਼ਰਧਾਂਜਲੀ ਦਿੰਦੇ ਹਨ। ਕਾਂਗਰਸ ਨੇ ਆਪਣੇ ਟਵਿੱਟਰ ਹੈਂਡਲ ਉਤੇ ਵੀ ਲਤਾ ਮੰਗੇਸ਼ਕਰ ਦੇ ਦੇਹਾਂਤ ਨੂੰ ਦੇਸ਼ ਲਈ ਵੱਡਾ ਘਾਟਾ ਕਰਾਰ ਦਿੱਤਾ। ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ, ‘ਦੇਸ਼ ਦੀ ਸਭ ਤੋਂ ਮਿੱਠੀ ਤੇ ਸੁਰੀਲੀ ਆਵਾਜ਼ ਸਾਡੇ ਵਿਚ ਨਹੀਂ ਰਹੀ। ਤੁਹਾਡੇ ਗੀਤ ਹਮੇਸ਼ਾ ਯਾਦ ਰਹਿਣਗੇ।’ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਵੀ ਟਵੀਟ ਕਰ ਕੇ ਕਿਹਾ ਕਿ ਭਾਰਤੀ ਕਲਾ ਖੇਤਰ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ। ਪ੍ਰਿਯੰਕਾ ਨੇ ਇਕ ਫੋਟੋ ਵੀ ਟਵੀਟ ਕੀਤੀ ਜਿਸ ਵਿਚ ਮੰਗੇਸ਼ਕਰ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨਾਲ ਨਜ਼ਰ ਆ ਰਹੀ ਹੈ। ਸੀਨੀਅਰ ਕਾਂਗਰਸੀ ਆਗੂ ਗ਼ੁਲਾਮ ਨਬੀ ਆਜ਼ਾਦ, ਜੈਰਾਮ ਰਮੇਸ਼ ਨੇ ਵੀ ਲਤਾ ਨੂੰ ਯਾਦ ਕੀਤਾ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਤੇ ਤ੍ਰਿਣਮੂਲ ਕਾਂਗਰਸ ਆਗੂ ਮਮਤਾ ਬੈਨਰਜੀ ਨੇ ਕਿਹਾ ਕਿ ਲਤਾ ਜੀ ਦੇ ਜਾਣ ਨਾਲ ਉਨ੍ਹਾਂ ਨੂੰ ਬਹੁਤ ਦੁੱਖ ਲੱਗਾ ਹੈ। ਉਨ੍ਹਾਂ ਭਲਕੇ ਸੂਬੇ ਵਿਚ ਅੱਧੇ ਦਿਨ ਦੀ ਛੁੱਟੀ ਕਰਨ ਦਾ ਐਲਾਨ ਕੀਤਾ ਹੈ। ਮਮਤਾ ਨੇ ਕਿਹਾ ਕਿ ਲਤਾ ਮੰਗੇਸ਼ਕਰ ਦੀ ਆਵਾਜ਼ ਉਨ੍ਹਾਂ ਨੂੰ ‘ਮੰਤਰਮੁਗਧ’ ਕਰ ਦਿੰਦੀ ਹੈ। ਬੈਨਰਜੀ ਨੇ ਕਿਹਾ ਕਿ ਮੰਗੇਸ਼ਕਰ ਨੇ ਬੰਗਾਲ ਤੇ ਇੱਥੋਂ ਦੇ ਕਲਾਕਾਰਾਂ ਨੂੰ ਆਪਣੇ ਦਿਲ ਨਾਲ ਲਾ ਕੇ ਰੱਖਿਆ। -ਪੀਟੀਆਈ
ਲਤਾ ਦਾ ਗਾਇਆ ਰਾਮ ਭਜਨ ‘ਰੱਥ ਯਾਤਰਾ’ ਦੀ ਸੰਕੇਤ ਧੁਨ ਬਣ ਗਿਆ ਸੀ: ਅਡਵਾਨੀ
ਸੀਨੀਅਰ ਭਾਜਪਾ ਆਗੂ ਐਲ.ਕੇ. ਅਡਵਾਨੀ ਨੇ ਕਿਹਾ ਕਿ ਲਤਾ ਮੰਗੇਸ਼ਕਰ ਸੰਗੀਤ ਦੀ ਦੁਨੀਆ ’ਤੇ ਆਪਣੀ ਗਹਿਰੀ ਛਾਪ ਛੱਡ ਗਏ ਹਨ। ਅਡਵਾਨੀ ਨੇ ਯਾਦ ਕੀਤਾ ਕਿ ਲਤਾ ਵੱਲੋਂ ਆਪਣੀ ਆਵਾਜ਼ ਵਿਚ ਰਿਕਾਰਡ ਕਰਾਇਆ ਗਿਆ ਰਾਮ ਭਜਨ 1990 ਵਿਚ ਉਨ੍ਹਾਂ (ਅਡਵਾਨੀ) ਦੀ ਰੱਥ ਯਾਤਰਾ ਦੀ ਸੰਕੇਤ ਧੁਨ ਹੀ ਬਣ ਗਿਆ ਸੀ। ਉਨ੍ਹਾਂ ਕਿਹਾ ਕਿ ਲਤਾ ਦਾ ਜੀਵਨ ਸੰਗੀਤ ਪ੍ਰੇਮੀਆਂ ਦੀਆਂ ਕਈ ਪੀੜ੍ਹੀਆਂ ਨੂੰ ਪ੍ਰੇਰਿਤ ਕਰੇਗਾ। ਆਰਐੱਸਐੱਸ ਮੁਖੀ ਮੋਹਨ ਭਾਗਵਨ ਨੇ ਵੀ ਗਾਇਕਾ ਦੇ ਦੇਹਾਂਤ ਉਤੇ ਦੁੱਖ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਲਤਾ ਜੀ ਦੇ ਜਾਣ ਨਾਲ ਜਿਹੜਾ ਘਾਟਾ ਪਿਆ ਹੈ, ਉਸ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ।