ਨਵੀਂ ਦਿੱਲੀ/ਮੁੰਬਈ, 2 ਮਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸੀਨੀਅਰ ਭਾਜਪਾ ਆਗੂ ਤੇ ਕੇਂਦਰੀ ਮੰਤਰੀ ਰਾਜਨਾਥ ਸਿੰਘ ਨੇ ਟੀਐਮਸੀ ਸੁਪਰੀਮੋ ਮਮਤਾ ਬੈਨਰਜੀ, ਡੀਐੱਮਕੇ ਮੁਖੀ ਐੱਮ.ਕੇ. ਸਟਾਲਿਨ ਤੇ ਕੇਰਲਾ ਦੇ ਮੁੱਖ ਮੰਤਰੀ ਪਿਨਾਰਈ ਵਿਜਯਨ ਨੂੰ ਪੱਛਮੀ ਬੰਗਾਲ, ਤਾਮਿਲਨਾਡੂ ਤੇ ਕੇਰਲਾ ਵਿਧਾਨ ਸਭਾਵਾਂ ਦੀਆਂ ਚੋਣਾਂ ਵਿਚ ਜਿੱਤ ਦਰਜ ਕਰਨ ’ਤੇ ਵਧਾਈ ਦਿੱਤੀ ਹੈ। ਕਈ ਟਵੀਟਾਂ ਰਾਹੀਂ ਰੱਖਿਆ ਮੰਤਰੀ ਨੇ ਅਸਾਮ ਚੋਣਾਂ ਵਿਚ ਭਾਜਪਾ ਦੀ ਜਿੱਤ ’ਤੇ ਮੋਦੀ, ਭਾਜਪਾ ਪ੍ਰਧਾਨ ਜੇ.ਪੀ. ਨੱਢਾ ਤੇ ਮੁੱਖ ਮੰਤਰੀ ਸਰਬਨੰਦਾ ਸੋਨੋਵਾਲ ਨੂੰ ਵੀ ਮੁਬਾਰਕਬਾਦ ਦਿੱਤੀ। ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਮਮਤਾ ਬੈਨਰਜੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਸ ਨੇ ‘ਇਕੱਲੀ ਨੇ ਹੀ’ ਆਪਣੀ ਪਾਰਟੀ ਨੂੰ ਜਿੱਤ ਦੀ ਦਹਿਲੀਜ਼ ਉਤੇ ਲਿਆ ਖੜ੍ਹਾ ਕੀਤਾ। ਜਦਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸਾਰੇ ਕੇਂਦਰੀ ਮੰਤਰੀ ਖ਼ੁਦ ਬੰਗਾਲ ਵਿਚ ਭਾਜਪਾ ਉਮੀਦਵਾਰਾਂ ਲਈ ਚੋਣ ਪ੍ਰਚਾਰ ਕਰਦੇ ਰਹੇ। ਦੇਸ਼ ਭਰ ਦੇ ਹੋਰ ਸਿਆਸੀ ਆਗੂਆਂ ਨੇ ਵੀ ਮਮਤਾ ਬੈਨਰਜੀ, ਐਮ.ਕੇ. ਸਟਾਲਿਨ, ਪਿਨਾਰਈ ਵਿਜਯਨ ਨੂੰ ਵਿਧਾਨ ਸਭਾ ਚੋਣਾਂ ਵਿਚ ਜਿੱਤ ਮਿਲਣ ’ਤੇ ਵਧਾਈ ਦਿੱਤੀ ਹੈ। ਸ਼ਿਵ ਸੈਨਾ ਨੇ ਮਮਤਾ ਬੈਨਰਜੀ ਨੂੰ ‘ਬੰਗਾਲ ਦੀ ਸ਼ੇਰਨੀ’ ਕਰਾਰ ਦਿੱਤਾ ਤੇ ਜਿੱਤ ਦੀ ਵਧਾਈ ਦਿੱਤੀ। ਕਾਂਗਰਸ ਆਗੂ ਰਾਹੁਲ ਗਾਂਧੀ, ਐਨਸੀਪੀ ਦੇ ਪ੍ਰਧਾਨ ਸ਼ਰਦ ਪਵਾਰ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਸਮਾਜਵਾਦੀ ਪਾਰਟੀ ਦੇ ਆਗੂ ਅਖਿਲੇਸ਼ ਯਾਦਵ ਨੇ ਮਮਤਾ, ਸਟਾਲਿਨ, ਵਿਜਯਨ ਤੇ ਸੋਨੋਵਾਲ ਨੂੰ ਵਧਾਈ ਦਿੱਤੀ। –ਪੀਟੀਆਈ