ਨਵੀਂ ਦਿੱਲੀ/ਕੋਲਕਾਤਾ/ਲਖਨਊ/ਮੁੰਬਈ, 2 ਮਈ
ਸੀਨੀਅਰ ਭਾਜਪਾ ਆਗੂ ਤੇ ਕੇਂਦਰੀ ਮੰਤਰੀ ਰਾਜਨਾਥ ਸਿੰਘ ਨੇ ਟੀਐਮਸੀ ਸੁਪਰੀਮੋ ਮਮਤਾ ਬੈਨਰਜੀ, ਡੀਐਮਕੇ ਮੁਖੀ ਐਮ.ਕੇ. ਸਟਾਲਿਨ ਤੇ ਕੇਰਲਾ ਦੇ ਮੁੱਖ ਮੰਤਰੀ ਪਿਨਾਰਈ ਵਿਜਯਨ ਨੂੰ ਪੱਛਮੀ ਬੰਗਾਲ, ਤਾਮਿਲਨਾਡੂ ਤੇ ਕੇਰਲਾ ਵਿਧਾਨ ਸਭਾਵਾਂ ਦੀਆਂ ਚੋਣਾਂ ਵਿਚ ਜਿੱਤ ਦਰਜ ’ਤੇ ਵਧਾਈ ਦਿੱਤੀ ਹੈ।
ਕਈ ਟਵੀਟਾਂ ਰਾਹੀਂ ਰੱਖਿਆ ਮੰਤਰੀ ਨੇ ਅਸਾਮ ਚੋਣਾਂ ਵਿਚ ਭਾਜਪਾ ਦੀ ਜਿੱਤ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਪ੍ਰਧਾਨ ਜੇ.ਪੀ. ਨੱਢਾ ਤੇ ਮੁੱਖ ਮੰਤਰੀ ਸਰਬਨੰਦਾ ਸੋਨੋਵਾਲ ਨੂੰ ਵੀ ਮੁਬਾਰਕਬਾਦ ਦਿੱਤੀ। ਕਾਂਗਰਸ ਆਗੂ ਰਾਹੁਲ ਗਾਂਧੀ ਨੇ ਵੀ ਮਮਤਾ, ਸਟਾਲਿਨ, ਵਿਜਯਨ ਤੇ ਸੋਨੋਵਾਲ ਨੂੰ ਵਧਾਈ ਦਿੱਤੀ ਹੈ। ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਮਮਤਾ ਬੈਨਰਜੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਸ ਨੇ ‘ਇਕੱਲੀ ਨੇ ਹੀ’ ਆਪਣੀ ਪਾਰਟੀ ਨੂੰ ਜਿੱਤ ਦੀ ਦਹਿਲੀਜ਼ ਉਤੇ ਲਿਆ ਖੜ੍ਹਾ ਕੀਤਾ। ਜਦਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸਾਰੇ ਕੇਂਦਰੀ ਮੰਤਰੀ ਖ਼ੁਦ ਬੰਗਾਲ ਵਿਚ ਭਾਜਪਾ ਉਮੀਦਵਾਰਾਂ ਲਈ ਚੋਣ ਪ੍ਰਚਾਰ ਕਰਦੇ ਰਹੇ। ਦੇਸ਼ ਭਰ ਦੇ ਹੋਰ ਸਿਆਸੀ ਆਗੂਆਂ ਨੇ ਵੀ ਮਮਤਾ ਬੈਨਰਜੀ, ਐਮ.ਕੇ. ਸਟਾਲਿਨ, ਪਿਨਾਰਈ ਵਿਜਯਨ ਨੂੰ ਵਿਧਾਨ ਸਭਾ ਚੋਣਾਂ ਵਿਚ ਜਿੱਤ ਮਿਲਣ ’ਤੇ ਵਧਾਈ ਦਿੱਤੀ ਹੈ। ਸ਼ਿਵ ਸੈਨਾ ਨੇ ਮਮਤਾ ਬੈਨਰਜੀ ਨੂੰ ‘ਬੰਗਾਲ ਦੀ ਸ਼ੇਰਨੀ’ ਕਰਾਰ ਦਿੱਤਾ ਤੇ ਜਿੱਤ ਦੀ ਵਧਾਈ ਦਿੱਤੀ। ਸ਼ਿਵ ਸੈਨਾ ਆਗੂ ਸੰਜੈ ਰਾਉੂਤ ਨੇ ਕਿਹਾ ਕਿ ਭਾਜਪਾ ਕਾਫ਼ੀ ਜ਼ੋਰ ਲਾਉਣ ਤੇ ਖ਼ਰਚ ਕਰਨ ਦੇ ਬਾਵਜੂਦ ਬੈਨਰਜੀ ਨੂੰ ਹਰਾਉਣ ਵਿਚ ਕਾਮਯਾਬ ਨਹੀਂ ਹੋ ਸਕੀ। ਐਨਸੀਪੀ ਦੇ ਪ੍ਰਧਾਨ ਸ਼ਰਦ ਪਵਾਰ ਨੇ ਮਮਤਾ ਬੈਨਰਜੀ (ਪੱਛਮੀ ਬੰਗਾਲ), ਪਿਨਾਰਈ ਵਿਜਯਨ (ਕੇਰਲਾ) ਤੇ ਐਮ.ਕੇ. ਸਟਾਲਿਨ (ਤਾਮਿਲਨਾਡੂ) ਨੂੰ ਆਪੋ-ਆਪਣੇ ਸੂਬਿਆਂ ਵਿਚ ਮਿਲੀ ਜਿੱਤ ਲਈ ਵਧਾਈ ਦਿੱਤੀ। ਪੀਡੀਪੀ ਆਗੂ ਮਹਬਿੂਬਾ ਮੁਫ਼ਤੀ ਨੇ ਟੀਐਮਸੀ ਸੁਪਰੀਮੋ ਬੈਨਰਜੀ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਲੋਕਾਂ ਨੇ ‘ਵੰਡਪਾਊ ਤੇ ਅੜਿੱਕੇ ਡਾਹੁਣ ਵਾਲੀਆਂ ਤਾਕਤਾਂ’ ਨੂੰ ਨਕਾਰ ਦਿੱਤਾ ਹੈ। ਦਿੱਲੀ ਦੇ ਮੁੱਖ ਮੰਤਰੀ ਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਵੀ ਟੀਐਮਸੀ ਸੁਪਰੀਮੋ ਮਮਤਾ ਤੇ ਡੀਐਮਕੇ ਪ੍ਰਧਾਨ ਐਮ.ਕੇ. ਸਟਾਲਿਨ ਨੂੰ ਜਿੱਤ ਦਰਜ ਕਰਨ ਉਤੇ ਵਧਾਈ ਦਿੱਤੀ। ਇਸੇ ਤਰ੍ਹਾਂ ਸਮਾਜਵਾਦੀ ਪਾਰਟੀ ਦੇ ਆਗੂ ਅਖਿਲੇਸ਼ ਯਾਦਵ ਨੇ ਮਮਤਾ ਬੈਨਰਜੀ ਤੇ ਉਨ੍ਹਾਂ ਦੀ ਪਾਰਟੀ ਨੂੰ ਵਧਾਈ ਦਿੱਤੀ। ਅਖਿਲੇਸ਼ ਨੇ ਵੀ ਕਿਹਾ ਕਿ ਰਾਜ ਵਿਚ ‘ਨਫ਼ਰਤ ਦੀ ਸਿਆਸਤ ਹਾਰ ਗਈ ਹੈ।’ -ਪੀਟੀਆਈ