ਨਵੀਂ ਦਿੱਲੀ, 1 ਜੁਲਾਈ
ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਨੇ ਅੱਜ ਕਿਹਾ ਕਿ ਕੁਝ ਸੂਬਾਈ ਆਗੂਆਂ ਵੱਲੋਂ ਕੋਵਿਡ-19 ਟੀਕਾਕਰਨ ਮੁਹਿੰਮ ਨੂੰ ਲੈ ਕੇ ‘ਗੈਰ-ਜ਼ਿੰਮੇਵਾਰਾਨਾ ਬਿਆਨ’ ਦਿੱਤੇ ਜਾ ਰਹੇ ਹਨ। ਉਨ੍ਹਾਂ ਅਜਿਹੇ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਮਹਾਮਾਰੀ ਦਰਮਿਆਨ ‘ਸਿਆਸਤ ਖੇਡਣ ਜਿਹੇ ਸ਼ਰਮਨਾਕ’ ਬਿਆਨ ਦੇਣ ਤੋਂ ਗੁਰੇਜ਼ ਕਰਨ। ਕੇਂਦਰੀ ਮੰਤਰੀ ਨੇ ਟਵੀਟ ਕਰਦਿਆਂ ਅਪੀਲ ਕੀਤੀ ਅਜਿਹੇ ਆਗੂ ‘ਦਹਿਸ਼ਤ ਪੈਦਾ ਕਰਨ ਦੀ ਥਾਂ ਆਪਣੀ ਸਾਰੀ ਊਰਜਾ ਯੋਜਨਾਬੰਦੀ ਵਿੱਚ ਲਾਉਣ।’’ ਉਨ੍ਹਾਂ ਕਿਹਾ, ‘‘ਮੈਂ ਵੇਖ ਰਿਹਾਂ ਹਾਂ ਕਿ ਕੁਝ ਸੂਬਾਈ ਆਗੂਆਂ ਵੱਲੋਂ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਬਾਰੇ ਗੈਰ-ਜ਼ਿੰਮੇਵਾਰਾਨਾ ਬਿਆਨ ਦਿੱਤੇ ਜਾ ਰਹੇ ਹਨ। ਮੈਂ ਤੱਥ ਰੱਖ ਰਿਹਾਂ ਤਾਂ ਕਿ ਲੋਕਾਂ ਨੂੰ ਇਨ੍ਹਾਂ ਆਗੂਆਂ ਦੇ ਇਰਾਦਿਆਂ ਬਾਰੇ ਪਤਾ ਲੱਗ ਸਕੇ।’ ਵਰਧਨ ਨੇ ਟਵੀਟ ਕੀਤਾ, ‘‘ਭਾਰਤ ਸਰਕਾਰ ਨੇ 75 ਫੀਸਦ ਵੈਕਸੀਨਾਂ ਬਿਲਕੁਲ ਮੁਫ਼ਤ ਉਪਲਬਧ ਕਰਵਾਈਆਂ ਹਨ, ਟੀਕਾਕਰਨ ਦੀ ਰਫ਼ਤਾਰ ਵਧ ਗਈ ਤੇ ਜੂਨ ਵਿੱਚ 11.50 ਕਰੋੜ ਖੁਰਾਕਾਂ ਦਿੱਤੀਆਂ ਗਈਆਂ ਹਨ।’ ਉਨ੍ਹਾਂ ਕਿਹਾ ਕਿ ਜੇਕਰ ਰਾਜਾਂ ਵਿੱਚ ਕੋਈ ਮੁਸ਼ਕਲ ਹੈ, ਤਾਂ ਇਹ ਦਰਸਾਉਂਦਾ ਹੈ ਕਿ ਉਨ੍ਹਾਂ ਨੂੰ ਆਪਣੀ ਟੀਕਾਕਰਨ ਮੁਹਿੰਮ ਨੂੰ ਹੋਰ ਬਿਹਤਰ ਢੰਗ ਨਾਲ ਯੋਜਨਾਬੱਧ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ, ‘ਅੰਤਰ-ਰਾਜ ਯੋਜਨਾ ਤੇ ਢੋਆ-ਢੁਆਈ-ਢੁਆਈ ਦੀ ਜ਼ਿੰਮੇਵਾਰੀ ਰਾਜਾਂ ਦੀ ਹੈ। ਅਤੇ ਜੇਕਰ ਆਗੂ ਇਨ੍ਹਾਂ ਤੱਥਾਂ ਤੋਂ ਜਾਣੂ ਹਨ ਤੇ ਇਸ ਦੇ ਬਾਵਜੂਦ ਅਜਿਹੇ ਬਿਆਨ ਦੇ ਰਹੇ ਹਨ ਤਾਂ ਮੈਂ ਇਸ ਨੂੰ ਮੰਦਭਾਗਾ ਮੰਨਦਾ ਹਾਂ। ਜੇ ਉਨ੍ਹਾਂ ਨੂੰ ਨਹੀਂ ਪਤਾ ਤਾਂ ਉਨ੍ਹਾਂ ਨੂੰ ਸ਼ਾਸਨ ਵੱਲ ਧਿਆਨ ਦੇਣ ਦੀ ਲੋੜ ਹੈ। ਮੈਂ ਸੂਬਾਈ ਆਗੂਆਂ ਨੂੰ ਮੁੜ ਅਪੀਲ ਕਰਦਾ ਹਾਂ ਉਹ ਦਹਿਸ਼ਤ ਪੈਦਾ ਕਰਨ ਦੀ ਥਾਂ ਯੋਜਨਾਬੰਦੀ ’ਤੇ ਵਧੇਰੇ ਊਰਜਾ ਲਾਉਣ।’’ -ਪੀਟੀਆਈ