ਚੇਨਈ: ਆਪਣੀ ਮਖਮਲੀ ਆਵਾਜ਼ ਨਾਲ ਕਰੋੜਾਂ ਦਿਲਾਂ ਉਤੇ ਰਾਜ ਕਰਨ ਵਾਲੇ ਮਸ਼ਹੂਰ ਗਾਇਕ ਐੱਸ.ਪੀ. ਬਾਲਾਸੁਬਰਾਮਣੀਅਮ ਦਾ ਅੱਜ ਦੇਹਾਂਤ ਹੋ ਗਿਆ। ਉਹ ਪਿਛਲੇ ਮਹੀਨੇ ਕੋਵਿਡ-19 ਤੋਂ ਪੀੜਤ ਹੋ ਗਏ ਸਨ ਤੇ ਹਸਪਤਾਲ ਦਾਖ਼ਲ ਸਨ। ਹਸਪਤਾਲ ਮੁਤਾਬਕ ਚਾਰ ਸਤੰਬਰ ਨੂੰ ਉਹ ਕੋਵਿਡ ਟੈਸਟ ਵਿਚ ਨੈਗੇਵਿਟ ਵੀ ਆਏ ਸਨ। ਪੰਜ ਤੋਂ ਵੱਧ ਦਹਾਕੇ ਉਨ੍ਹਾਂ ਲੋਕਾਂ ਨੂੰ ਆਪਣੀ ਆਵਾਜ਼ ਦਾ ਦੀਵਾਨਾ ਬਣਾਈ ਰੱਖਿਆ। 74 ਸਾਲਾ ਗਾਇਕ ਦੀ ਸਿਹਤ ਵੀਰਵਾਰ ਅਚਾਨਕ ਬਹੁਤ ਵਿਗੜ ਗਈ ਤੇ ਦੇਰ ਰਾਤ ਇਕ ਵਜੇ ਉਨ੍ਹਾਂ ਆਖ਼ਰੀ ਸਾਹ ਲਏ। ਉਨ੍ਹਾਂ ਨੂੰ ਪੰਜ ਅਗਸਤ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। ਛੇ ਵਾਰ ਦੇ ਕੌਮੀ ਸਨਮਾਨ ਜੇਤੂ ਗਾਇਕ ਬਾਲਾਸੁਬਰਾਮਣੀਅਮ ਨੇ 40 ਹਜ਼ਾਰ ਤੋਂ ਵੱਧ ਗੀਤ ਗਾਏ। ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹੋਰ ਆਗੂਆਂ ਤੇ ਕਲਾਕਾਰਾਂ ਨੇ ਬਾਲਾਸੁਬਰਾਮਣੀਅਮ ਦੇ ਦੇਹਾਂਤ ’ਤੇ ਅਫਸੋਸ ਜਤਾਇਆ ਹੈ। -ਪੀਟੀਆਈ