ਪ੍ਰਯਾਗਰਾਜ, 13 ਜੂਨ
ਮੁੱਖ ਅੰਸ਼
- ਮੁਸਲਿਮ ਪਰਸਨਲ ਲਾਅ ਬੋਰਡ ਵਿਚਲੇ ਕਾਨੂੰਨ ਦਾ ਦਿੱਤਾ ਹਵਾਲਾ
ਵਕੀਲਾਂ ਦੇ ਸਮੂਹ ਨੇ ਅਲਾਹਾਬਾਦ ਹਾਈ ਕੋਰਟ ਦੇ ਚੀਫ਼ ਜਸਟਿਸ ਨੂੰ ਈਮੇਲ ਰਾਹੀਂ ਭੇਜੀ ਪਟੀਸ਼ਨ ਵਿੱਚ ਪ੍ਰਯਾਗਰਾਜ ਵਿੱਚ 10 ਜੂਨ ਨੂੰ ਹੋਈ ਹਿੰਸਾ ਦੇ ਕਥਿਤ ਮੁੱਖ ਸਾਜ਼ਿਸ਼ਘਾੜੇ ਦੇ ਮਕਾਨ ’ਤੇ ਪ੍ਰਯਾਗਰਾਜ ਵਿਕਾਸ ਅਥਾਰਿਟੀ (ਪੀਡੀਏ) ਵੱਲੋਂ ਬੁਲਡੋਜ਼ਰ ਚਲਾਉਣ ਦਾ ਵਿਰੋਧ ਕੀਤਾ ਹੈ। ਉਧਰ ਮੁਸਲਿਮ ਜਥੇਬੰਦੀ ਜਮਾਇਤ ਉਲੇਮਾ-ਏ-ਹਿੰਦ ਨੇ ਸੁਪਰੀਮ ਕੋਰਟ ਦਾ ਰੁਖ਼ ਕਰਦਿਆਂ ਦੋ ਸੱਜਰੀਆਂ ਪਟੀਸ਼ਨਾਂ ਦਾਖ਼ਲ ਕਰਕੇ ਮੰਗ ਕੀਤੀ ਹੈ ਕਿ ਉੱਤਰ ਪ੍ਰਦੇਸ਼ ਸਰਕਾਰ ਨੂੰ ਹਦਾਇਤ ਕੀਤੀ ਜਾਵੇ ਕਿ ਸੂਬੇ ’ਚ ਕੋਈ ਵੀ ਉਸਾਰੀ ਢਾਹੁਣ ਤੋਂ ਪਹਿਲਾਂ ਲੋੜੀਂਦੀ ਕਾਨੂੰਨੀ ਕਾਰਵਾਈ ਪੂਰੀ ਕੀਤੀ ਜਾਵੇ। ‘ਜ਼ਿਲ੍ਹਾ ਅਧਿਵਕਤਾ ਮੰਚ’ ਨਾਂ ਦੀ ਐਸੋਸੀਏਸ਼ਨ ਦੇ ਪੰਜ ਵਕੀਲਾਂ ਨੇ ਹਾਈ ਕੋਰਟ ’ਚ ਦਾਖ਼ਲ ਪਟੀਸ਼ਨ ਵਿੱਚ ਦਾਅਵਾ ਕੀਤਾ ਕਿ ਐਤਵਾਰ ਨੂੰ ਜਿਸ ਮਕਾਨ ’ਤੇ ਬੁਲਡੋਜ਼ਰ ਚਲਾਇਆ ਗਿਆ ਸੀ, ਉਸ ਦਾ ਮਾਲਕ ਮੁਲਜ਼ਮ ਜਾਵੇਦ ਅਹਿਮਦ ਨਹੀਂ ਬਲਕਿ ਉਸ ਦੀ ਬੇਗ਼ਮ ਪ੍ਰਵੀਨ ਫ਼ਾਤਿਮਾ ਹੈ। ਵਕੀਲਾਂ ਨੇ ਕਿਹਾ ਕਿ ਇਹ ਘਰ ਫ਼ਾਤਿਮਾ ਨੂੰ ਉਸ ਦੇ ਮਾਤਾ-ਪਿਤਾ ਨੇ ਉਹਦੇ ਨਿਕਾਹ ਤੋਂ ਪਹਿਲਾਂ ਦਿੱਤਾ ਸੀ, ਲਿਹਾਜ਼ਾ ਮੁਸਲਿਮ ਪਰਸਨਲ ਲਾਅ ਬੋਰਡ ਮੁਤਾਬਕ ਜਾਵੇਦ ਅਹਿਮਦ ਦਾ ਇਸ ਮਕਾਨ ਜਾਂ ਪਲਾਟ ’ਤੇ ਕੋਈ ਮਾਲਕਾਨਾ ਹੱਕ ਨਹੀਂ ਹੈ। ਮਕਾਨ ਉੱਤੇ ਬੁਲਡੋਜ਼ਰ ਚਲਾਉਣਾ ਕਾਨੂੰਨ ਦੀ ਖਿਲਾਫ਼ਵਰਜ਼ੀ ਹੈ। ਉਧਰ ਪੀਡੀਏ ਅਧਿਕਾਰੀ ਨੇ ਦਾਅਵਾ ਕੀਤਾ ਸੀ ਕਿ ਮੁਲਜ਼ਮ ਜਾਵੇਦ ਅਹਿਮਦ ਦੇ ਮਕਾਨ ਦਾ ਨਕਸ਼ਾ ਅਥਾਰਿਟੀ ਵੱਲੋਂ ਪਾਸ ਨਹੀਂ ਸੀ। ਪਟੀਸ਼ਨ ਵਿੱਚ ਇਹ ਗੱਲ ਵੀ ਆਖੀ ਗਈ ਕਿ ਮਕਾਨ ਢਾਹੁਣ ਨੂੰ ਨਿਆਂਸੰਗਤ ਦੱਸਣ ਲਈ ਪੀਡੀਏ ਨੇ ਇਕ ਦਿਨ ਪਹਿਲਾ 11 ਜੂਨ ਨੂੰ ਘਰ ਦੇ ਬਾਹਰ ਨੋਟਿਸ ਚਸਪਾ ਕੀਤਾ। ਵਕੀਲਾਂ ਨੇ ਕਿਹਾ ਕਿ ਅਹਿਮਦ ਜਾਂ ਉਸ ਦੀ ਬੇਗ਼ਮ ਨੂੰ ਕੋਈ ‘ਕਾਰਨ ਦੱਸੋ’ ਨੋਟਿਸ ਨਹੀਂ ਮਿਲਿਆ। ਪਟੀਸ਼ਨ ਮੁਤਾਬਕ ‘ਸੋਸ਼ਲ ਵਰਕਰ’ ਅਹਿਮਦ ਨੂੰ 10 ਜੂਨ ਦੀ ਰਾਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਤੇ 11 ਜੂਨ ਨੂੰ ਉਸ ਦੇ ਖਿਲਾਫ਼ ਖੁਲਦਾਬਾਦ ਪੁਲੀਸ ਸਟੇਸ਼ਨ ’ਚ ਐੱਫਆਈਆਰ ਦਰਜ ਕੀਤੀ ਗਈ। ਪਟੀਸ਼ਨ ਦਾਖ਼ਲ ਕਰਨ ਵਾਲੇ ਵਕੀਲਾਂ ’ਚ ਕੇ.ਕੇ.ਰਾਏ, ਮੁਹੰਮਦ ਸਦੀਕ ਸਿੱਦਿਕੀ, ਰਾਜਵੇਂਦਰ ਸਿੰਘ, ਪ੍ਰਬਲ ਪ੍ਰਤਾਪ, ਰਵਿੰਦਰ ਸਿੰਘ ਤੇ ਹੋਰ ਸ਼ਾਮਲ ਹਨ। ਪ੍ਰਯਾਗਰਾਜ ਵਿਕਾਸ ਅਥਾਰਿਟੀ ਦੇ ਸੀਨੀਅਰ ਅਧਿਕਾਰੀ ਨੇ ਲੰਘੇ ਦਿਨ ਇਕ ਬਿਆਨ ਵਿੱਚ ਕਿਹਾ ਸੀ ਕਿ ਜਾਵੇਦ ਅਹਿਮਦ ਦਾ ਮਕਾਨ ‘ਜੇਕੇ ਆਸ਼ਿਆਨਾ’ ਪ੍ਰਯਾਗਰਾਜ ਦੇ ਕਰੇਲੀ ਖੇਤਰ ਵਿੱਚ ਹੈ। ਮਕਾਨ ਢਾਹੁਣ ਦਾ ਕੰਮ ਇਕ ਵਜੇ ਦੇ ਕਰੀਬ ਸ਼ੁਰੂ ਹੋਇਆ। ਅਧਿਕਾਰੀ ਨੇ ਕਿਹਾ ਕਿ ਪੀਡੀਏ ਤੋਂ ਨਕਸ਼ਾ ਪਾਸ ਕਰਵਾਏ ਬਿਨਾਂ ਮਕਾਨ ਦੀ ਉਸਾਰੀ ਕੀਤੀ ਗਈ। ਇਸ ਲਈ ਜਾਵੇਦ ਨੂੰ 10 ਮਈ ਨੂੰ ਨੋਟਿਸ ਜਾਰੀ ਕਰਦਿਆਂ 24 ਮਈ ਨੂੰ ਪੇਸ਼ ਹੋਣ ਲਈ ਕਿਹਾ ਗਿਆ ਸੀ। ਜਾਵੇਦ ਜਾਂ ਉਸ ਦਾ ਵਕੀਲ ਦੱਸੀ ਤਰੀਕ ’ਤੇ ਪੇਸ਼ ਨਹੀਂ ਹੋਏ ਤੇ ਨਾ ਹੀ ਕੋਈ ਦਸਤਾਵੇਜ਼ ਪੇਸ਼ ਕੀਤੇ ਗਏ, ਜਿਸ ਮਗਰੋਂ 25 ਮਈ ਨੂੰ ਮਕਾਨ ਢਾਹੁਣ ਸਬੰਧੀ ਹੁਕਮ ਜਾਰੀ ਕਰ ਦਿੱਤੇ ਗਏ। -ਪੀਟੀਆਈ
ਕਾਨੂੰਨ ਸੁੱਤਾ ਪਿਐ, ਜ਼ੋਰ-ਜ਼ਬਰਦਸਤੀ ਦਾ ਸਭਿਆਚਾਰ ਵੱਧ-ਫੁੱਲ ਰਿਹੈ: ਸਿੱਬਲ
ਨਵੀਂ ਦਿੱਲੀ: ਅਥਾਰਿਟੀਜ਼ ਵੱਲੋਂ ਪ੍ਰਯਾਗਰਾਜ ਹਿੰਸਾ ਕੇਸ ’ਚ ਸ਼ਾਮਲ ਮੁਲਜ਼ਮ ਦੇ ‘ਗੈਰਕਾਨੂੰਨੀ ਢੰਗ’ ਨਾਲ ਉਸਾਰੇ ਮਕਾਨ ਨੂੰ ਢਾਹੁਣ ਤੋਂ ਇਕ ਦਿਨ ਮਗਰੋਂ ਰਾਜ ਸਭਾ ਮੈਂਬਰ ਕਪਿਲ ਸਿੱਬਲ ਨੇ ਕਿਹਾ ਕਿ ‘ਜ਼ੋਰ-ਜ਼ਬਰਦਸਤੀ ਘਰ ਢਾਹੁਣ ਦਾ ਸਭਿਆਚਾਰ ਵੱਧ-ਫੁੱਲ ਰਿਹੈ’ ਜਦੋਂਕਿ ਕਾਨੂੰਨ ਗੂੜੀ ਨੀਂਦੇ ਸੁੱਤਾ ਪਿਆ ਹੈ। ਕਾਂਗਰਸ ਛੱਡ ਕੇ ਸਮਾਜਵਾਦੀ ਪਾਰਟੀ ਦੀ ਹਮਾਇਤ ਨਾਲ ਰਾਜ ਸਭਾ ਲਈ ਚੁਣੇ ਗਏ ਸਿੱਬਲ ਨੇ ਟਵੀਟ ਕੀਤਾ, ‘‘ਪ੍ਰਯਾਗਰਾਜ: ਜ਼ੋਰ-ਜ਼ਬਰਦਸਤੀ ਨਾਲ ਮਕਾਨ ਢਾਹੁਣ ਦਾ ਸਭਿਆਚਾਰ ਵਧ-ਫੁਲ ਰਿਹੈ ਜਦੋਂਕਿ ਕਾਨੂੰਨ ਸੁੱਤਾ ਪਿਆ ਹੈ।’’ ਸਿੱਬਲ ਨੇ ਕਿਹਾ ‘ਦੇਸ਼ ਬਦਲ ਰਿਹਾ ਹੈ’। -ਪੀਟੀਆਈ
ਮੁਲਜ਼ਮ ਦਾ ਘਰ ਢਾਹੁਣਾ ਸਰਾਸਰ ਧੱਕਾ ਤੇ ਅਨਿਆਂ: ਮਾਇਆਵਤੀ
ਲਖਨਊ: ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਪ੍ਰਯਾਗਰਾਜ ਹਿੰਸਾ ਕੇਸ ਦੇ ਮੁਲਜ਼ਮ ਦਾ ਘਰ ਢਾਹੁਣ ਦੇ ਹਵਾਲੇ ਨਾਲ ਕਿਹਾ ਕਿ ਸੂਬੇ ਵਿੱਚ ‘ਖ਼ੌਫ਼ ਤੇ ਦਹਿਸ਼ਤ’ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ ਤੇ ਅਦਾਲਤਾਂ ਨੂੰ ਇਸ ਦਾ ਨੋਟਿਸ ਲੈਣਾ ਚਾਹੀਦਾ ਹੈ। ਸਾਬਕਾ ਮੁੱਖ ਮੰਤਰੀ ਨੇ ਮੁਲਜ਼ਮ ਦਾ ਘਰ ਢਾਹੇ ਜਾਣ ਨੂੰ ਸਰਾਸਰ ਧੱਕਾ ਤੇ ਅਨਿਆਂ ਕਰਾਰ ਦਿੱਤਾ ਹੈ। ਮਾਇਆਵਤੀ ਨੇ ਮੰਗ ਕੀਤੀ ਕਿ ਪੈਗੰਬਰ ਮੁਹੰਮਦ ਖਿਲਾਫ਼ ਵਿਵਾਦਿਤ ਟਿੱਪਣੀਆਂ ਕਰਨ ਵਾਲੇ ਸਾਬਕਾ ਭਾਜਪਾ ਆਗੂਆਂ ਨੂਪੁਰ ਸ਼ਰਮਾ ਤੇ ਨਵੀਨ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਜਾਵੇ। -ਪੀਟੀਆਈ
ਪੈਗੰਬਰ ਮੁਹੰਮਦ ਵਿਵਾਦ: ਕੁਵੈਤ ਵੱਲੋਂ ਪਰਵਾਸੀ ਪ੍ਰਦਰਸ਼ਨਕਾਰੀਆਂ ਨੂੰ ਮੁਲਕ ’ਚੋਂ ਕੱਢਣ ਦਾ ਫ਼ੈਸਲਾ
ਦੁਬਈ: ਕੁਵੈਤ ਸਰਕਾਰ ਨੇ ਭਾਰਤੀ ਜਨਤਾ ਪਾਰਟੀ ਦੇ ਦੋ ਅਹੁਦੇਦਾਰਾਂ ਵੱਲੋਂ ਪੈਗੰਬਰ ਮੁਹੰਮਦ ਖ਼ਿਲਾਫ਼ ਕੀਤੀਆਂ ਗਈਆਂ ਵਿਵਾਦਤ ਟਿੱਪਣੀਆਂ ਦੇ ਵਿਰੋਧ ਵਿੱਚ ਇਕ ਪ੍ਰਦਰਸ਼ਨ ’ਚ ਹਿੱਸਾ ਲੈਣ ਵਾਲੇ ਪਰਵਾਸੀ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫ਼ਤਾਰ ਕਰਨ ਅਤੇ ਕੁਵੈਤ ’ਚੋਂ ਬਾਹਰ ਕੱਢ ਕੇ ਉਨ੍ਹਾਂ ਦੇ ਮੁਲਕ ਵਾਪਸ ਭੇਜਣ ਦਾ ਫ਼ੈਸਲਾ ਲਿਆ ਹੈ। ਇੱਥੋਂ ਦੇ ਇਕ ਪ੍ਰਮੁੱਖ ਰੋਜ਼ਾਨਾ ਅਖ਼ਬਾਰ ‘ਅਲ ਰਾਇ’ ਦੀ ਖ਼ਬਰ ਅਨੁਸਾਰ ਸੁਰੱਖਿਆ ਏਜੰਸੀਆਂ ਨੇ ਪ੍ਰਦਰਸ਼ਨਕਾਰੀਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਕੇ ਮੁਲਕ ’ਚੋਂ ਕੱਢਣ ਦੀ ਪ੍ਰਕਿਰਿਆ ਆਰੰਭ ਦਿੱਤੀ ਹੈ। ਸਰਕਾਰੀ ਸੂਤਰਾਂ ਦੇ ਹਵਾਲੇ ਨਾਲ ਛਾਪੀ ਗਈ ਇਸ ਖ਼ਬਰ ਵਿੱਚ ਕਿਹਾ ਗਿਆ ਹੈ ਕਿ ਪ੍ਰਦਰਸ਼ਨ ਵਿੱਚ ਹਿੱਸਾ ਲੈਣ ਵਾਲੇ ਪਰਵਾਸੀਆਂ ਨੂੰ ਦੇਸ਼ ਵਿੱਚੋਂ ਕੱਢਿਆ ਜਾਵੇਗਾ। -ਪੀਟੀਆਈ