ਸ੍ਰੀਨਗਰ, 26 ਮਾਰਚ
ਪੁਲੀਸ ਨੇ ਲਾਵੇਪੋਰਾ ਵਿੱਚ ਸੀਆਰਪੀਐੱਫ ਦੇ ਕਾਫ਼ਲੇ ’ਤੇ ਹੋਏ ਹਮਲੇ ਦੇ 24 ਘੰਟਿਆਂ ਅੰਦਰ ਦਹਿਸ਼ਤਗਰਦਾਂ ਦੇ ਸਹਿਯੋਗੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਵੀਰਵਾਰ ਨੂੰ ਹੋਏ ਇਸ ਹਮਲੇ ਵਿੱਚ ਦੋ ਸੀਆਰਪੀਐੱਫ ਜਵਾਨਾਂ ਦੀ ਜਾਨ ਜਾਂਦੀ ਰਹੀ ਸੀ ਜਦੋਂਕਿ ਦੋ ਜਵਾਨ ਜ਼ਖ਼ਮੀ ਹੋ ਗਏ ਸਨ। ਕਸ਼ਮੀਰ ਜ਼ੋਨ ਦੇ ਆਈਜੀਪੀ ਵਿਜੈ ਕੁਮਾਰ ਨੇ ਮਾਰੇ ਗਏ ਸੀਆਰਪੀਐੱਫ ਜਵਾਨਾਂ ਨੂੰ ਫੁੱਲ ਮਾਲਾਵਾਂ ਨਾਲ ਸ਼ਰਧਾਂਜਲੀ ਦੇਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘ਇਹ ਬਹੁਤ ਦੁਖ਼ਦ ਘਟਨਾ ਸੀ। ਸ੍ਰੀਨਗਰ ਤੇ ਬਾਂਦੀਪੋਰਾ ਪੁਲੀਸ ਨੇ ਪੂਰੀ ਰਾਤ ਦੀ ਮੁਸ਼ੱਕਤ ਮਗਰੋਂ ਹਮਲੇ ਵਿੱਚ ਸ਼ਾਮਲ ਦਹਿਸ਼ਤਗਰਦਾਂ ਦੇ ਦੋ ਸਹਿਯੋਗੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।’ ਕਾਬੂ ਕੀਤੇ ਸਹਿਯੋਗੀਆਂ ਦੀ ਪਛਾਣ ਜਾਵੇਦ ਸ਼ੇਖ਼ ਤੇ ਮੁਜ਼ੱਫਰ ਮੀਰ ਵਜੋਂ ਹੋਈ ਹੈ। -ਪੀਟੀਆਈ