ਪੰਜਾਬੀ ਟ੍ਰਿਬਿਊਨ ਵੈੱਬ ਸਰਵਿਸ
ਨਵੀਂ ਦਿੱਲੀ, 27 ਅਕਤੂਬਰ
ਦਿੱਲੀ ਪੁਲੀਸ ਨੇ ਸਿੰਘੂ ਸਰਹੱਦ ਨੇੜੇ ਨਾਰੇਲਾ ਵਿੱਚ ਲਖਬੀਰ ਸਿੰਘ ਦੇ ਪਰਿਵਾਰਕ ਮੈਂਬਰਾਂ ਦੀ ਹਮਾਇਤ ਵਿੱਚ ਇਕੱਠੇ ਹੋਏ ਸੈਂਕੜੇ ਕਿਸਾਨਾਂ ਖ਼ਿਲਾਫ਼ ਕਾਰਵਾਈ ਕਰਦਿਆਂ ਅੱਜ ਦੇਰ ਰਾਤ ਲਾਠੀਚਾਰਜ ਕੀਤਾ ਜਿਸ ਕਾਰਨ ਕਈ ਕਿਸਾਨ ਜ਼ਖ਼ਮੀ ਹੋ ਗਏ। ਲਖਬੀਰ ਸਿੰਘ ਨੂੰ ਹਾਲ ਹੀ ਵਿੱਚ ਨਿਹੰਗ ਸਿੰਘਾਂ ਵੱਲੋਂ ਮਾਰ ਦਿੱਤਾ ਗਿਆ ਸੀ। ਜ਼ਖ਼ਮੀ ਕਿਸਾਨਾਂ ਵਿੱਚ ਮੁਜ਼ਫਰਨਗਰ ਦੀ ਹਿੰਦ-ਮਜ਼ਦੂਰ ਕਿਸਾਨ ਸਮਿਤੀ ਦੇ ਕਈ ਮੈਂਬਰ ਸ਼ਾਮਲ ਹਨ। ਇਸ ਮੌਕੇ ਕਈ ਕਿਸਾਨਾਂ ਨੂੰ ਪੁਲੀਸ ਵੱਲੋਂ ਇਹਤਿਆਤ ਵਜੋਂ ਹਿਰਾਸਤ ਵਿੱਚ ਵੀ ਲਿਆ ਗਿਆ। ਇਹ ਕਿਸਾਨ ਲਖਬੀਰ ਸਿੰਘ ਦੀ ਹੱਤਿਆ ਵਾਲੀ ਥਾਂ ਉੱਤੇ ਹਵਨ ਕਰਨ ਲਈ ਬਜ਼ਿੱਦ ਸਨ। ਮ੍ਰਿਤਕ ਲਖਬੀਰ ਸਿੰੰਘ ਦਾ ਪਰਿਵਾਰ ਪੰਜਾਬ ਨਾਲ ਸਬੰਧਤ ਹੈ ਤੇ ਹਿੰਦ-ਮਜ਼ਦੂਰ ਕਿਸਾਨ ਸਮਿਤੀ ਪੀੜਤ ਪਰਿਵਾਰ ਲਈ 50 ਲੱਖ ਦਾ ਮੁਆਵਜ਼ਾ ਤੇ ਪਰਿਵਾਰ ਦੇ ਇਕ ਮੈਂਬਰ ਲਈ ਸਰਕਾਰੀ ਨੌਕਰੀ ਦੀ ਮੰਗ ਕਰ ਰਹੀ ਹੈ। ਇਸ ਮੌਕੇ ਲਖਬੀਰ ਸਿੰਘ ਦਾ ਪਰਿਵਾਰ ਵੀ ਸਿੰਘੂ ਬਾਰਡਰ ਉੱਤੇ ਮੌਜੂਦ ਸੀ। ਲਾਠੀਚਾਰਜ ਦੌਰਾਨ ਕਿਸਾਨਾਂ ਦੀ ਪੁਲੀਸ ਨਾਲ ਝੜਪ ਵੀ ਹੋਈ।