ਮੁੰਬਈ, 14 ਜੁਲਾਈ
ਮਰਹੂਮ ਗਾਇਕਾ ਲਤਾ ਮੰਗੇਸ਼ਕਰ ਵੱਲੋਂ ਬਜ਼ੁਰਗ ਕਲਾਕਾਰਾਂ ਲਈ ਘਰ ਉਸਾਰਨ ਦਾ ਸੁਫਨਾ ਸਵਰ ਮੌਲੀ ਫਾਊਂਡੇਸ਼ਨ ਵੱਲੋਂ ਜਲਦੀ ਹੀ ਪੂਰਾ ਕੀਤਾ ਜਾਵੇਗਾ। ਇਸ ਫਾਊਂਡੇਸ਼ਨ ਨੂੰ ਗੁਰੂ ਪੂਰਨਿਮਾ ਮੌਕੇ ਲਾਂਚ ਕੀਤਾ ਗਿਆ ਹੈ। ਇਹ ਧਰਮਨਿਰਪੱਖ ਸੰਸਥਾ ਨਾਸਿਕ ਵਿੱਚ ਬਜ਼ੁਰਗ ਕਲਾਕਾਰਾਂ ਲਈ ਘਰ ਉਸਾਰ ਰਹੀ ਹੈ। ਜ਼ਿਕਰਯੋਗ ਹੈ ਕਿ ਲਤਾ ਮੰਗੇਸ਼ਕਰ ਦੀ ਮੌਤ ਇਸੇ ਵਰ੍ਹੇ 6 ਫਰਵਰੀ ਨੂੰ ਹੋਈ ਸੀ ਤੇ ਉਨ੍ਹਾਂ ਖੁ਼ਦ ਜੁਲਾਈ 2021 ਵਿੱਚ ਇਸ ਫਾਊਂਡੇਸ਼ਨ ਨੂੰ ਰਜਿਸਟਰਡ ਕਰਵਾਇਆ ਸੀ। ਲਤਾ ਮੰਗੇਸ਼ਕਰ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਦੇਸ਼ ਦੀ ਇਸ ਮਹਾਨ ਗਾਇਕਾ ਦਾ ਸੁਫਨਾ ਸੀ ਕਿ ਜਿਨ੍ਹਾਂ ਬਜ਼ੁਰਗ ਕਲਾਕਾਰਾਂ ਨੂੰ ਉਨ੍ਹਾਂ ਦੇ ਬੱਚਿਆਂ ਨੇ ਤਿਆਗ ਦਿੱਤਾ ਹੈ, ਉਨ੍ਹਾਂ ਲਈ ਰਹਿਣ ਵਾਸਤੇ ਛੱਤ ਅਤੇ ਵਿੱਤੀ ਮਦਦ ਮੁਹੱਈਆ ਕਰਵਾਈ ਜਾਵੇ। -ਪੀਟੀਆਈ