ਮੁੰਬਈ: ਮਹਾਨ ਬੌਲੀਵੁੱਡ ਗਾਇਕਾ ਲਤਾ ਮੰਗੇਸ਼ਕਰ ਜੋ ਪਿਛਲੇ ਕਈ ਦਿਨਾ ਤੋਂ ਇਥੋਂ ਦੇ ਸਿਟੀ ਹਸਪਤਾਲ ਦੇ ਆਈਸੀਯੂ ਵਾਰਡ ’ਚ ਜ਼ੇਰੇ ਇਲਾਜ ਹਨ, ਦੀ ਹਾਲਤ ਸਥਿਰ ਦੱਸੀ ਜਾਂਦੀ ਹੈ। ਇਹ ਜਾਣਕਾਰੀ ਉਨ੍ਹਾਂ ਦੇ ਇਕ ਬੁਲਾਰੇ ਨੇ ਇਥੇ ਦਿੱਤੀ। 92 ਸਾਲਾ ਗਾਇਕਾ ਨੂੰ ਕਰੋਨਾ ਦੇ ਹਲਕੇ ਲੱਛਣਾਂ ਕਰਕੇ ਦੱਖਣੀ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ’ਚ 9 ਜਨਵਰੀ ਨੂੰ ਭਰਤੀ ਕਰਵਾਇਆ ਗਿਆ ਸੀ। ਉਨ੍ਹਾਂ ਦੇ ਬੁਲਾਰੇ ਅਨੁਸ਼ਾ ਸ੍ਰੀਨਿਵਾਸਨ ਅਈਅਰ ਨੇ ਦੱਸਿਆ ਕਿ ਉਨ੍ਹਾਂ ਦੀ ਹਾਲਤ ਸਥਿਰ ਹੈ। ਡਾਕਟਰਾਂ ਦੀ ਮਨਜ਼ੂਰੀ ਤੋਂ ਬਾਅਦ ਉਹ ਘਰ ਪਰਤ ਸਕਣਗੇ। ਦੋ ਦਿਨ ਪਹਿਲਾਂ ਲਤਾ ਮੰਗੇਸ਼ਕਰ ਦੀ ਖ਼ਰਾਬ ਤਬੀਅਤ ਬਾਰੇ ਆ ਰਹੀਆਂ ਖ਼ਬਰਾਂ ਨੂੰ ਉਨ੍ਹਾਂ ਝੂਠ ਕਰਾਰ ਦਿੱਤਾ ਸੀ। ਅਈਅਰ ਨੇ ਕਿਹਾ, ‘‘ਝੂਠੀਆਂ ਖ਼ਬਰਾਂ ਨੂੰ ਪ੍ਰਸਾਰਿਤ ਹੁੰਦਿਆਂ ਦੇਖ ਕੇ ਪ੍ਰੇਸ਼ਾਨੀ ਹੁੰਦੀ ਹੈ। ਕਿਰਪਾ ਕਰਕੇ ਧਿਆਨ ਦਿਓ ਕਿ ਲਤਾ ਦੀਦੀ ਦੀ ਹਾਲਤ ਸਥਿਰ ਹੈ। ਉਹ ਆਈਸੀਯੁੂ ’ਚ ਯੋਗ ਡਾਕਟਰਾਂ ਦੇ ਇਲਾਜ ਅਧੀਨ ਹਨ। ਕਿਰਪਾ ਕਰਕੇ ਉਨ੍ਹਾਂ ਦੀ ਜਲਦੀ ਘਰ ਵਾਪਸੀ ਲਈ ਪ੍ਰਾਰਥਨਾ ਕਰੋ।” ਮੇੈਲੋਡੀ ਦੀ ਰਾਣੀ ਅਤੇ ਭਾਰਤ ਦੀ ਕੋਇਲ ਵਜੋਂ ਜਾਣੀ ਜਾਂਦੀ, ਮੰਗੇਸ਼ਕਰ ਨੇ 1942 ਵਿੱਚ 13 ਸਾਲ ਦੀ ਉਮਰ ਵਿੱਚ ਆਪਣਾ ਕਰੀਅਰ ਸ਼ੁਰੂ ਕੀਤਾ ਅਤੇ ਵੱਖ-ਵੱਖ ਭਾਸ਼ਾਵਾਂ ਵਿੱਚ 30,000 ਤੋਂ ਵੱਧ ਗੀਤ ਗਾਏ ਹਨ। -ਪੀਟੀਆਈ