ਨਵੀਂ ਦਿੱਲੀ: ਟੈਕਸ ਚੋਰੀ ਰੋਕਣ ਲਈ ਉਠਾਏ ਗਏ ਕਦਮਾਂ ਅਤੇ ਅਰਥਚਾਰੇ ’ਚ ਸੁਧਾਰ ਦੇ ਸੰਕੇਤਾਂ ਦਰਮਿਆਨ ਪਿਛਲੇ ਮਹੀਨੇ ਜੁਲਾਈ ਵਿੱਚ 1.49 ਲੱਖ ਕਰੋੜ ਰੁਪਏ ਜੀਐੱਸਟੀ ਇਕੱਤਰ ਹੋਇਆ ਜੋ ਬੀਤੇ ਵਰ੍ਹੇ ਦੇ ਮੁਕਾਬਲੇ 28 ਫੀਸਦੀ ਵੱਧ ਹੈ। ਬੀਤੇ ਵਰ੍ਹੇ ਇਹ 1,16,393 ਕਰੋੜ ਰੁਪਏ ਸੀ। ਇਹ ਛੇਵੀਂ ਵਾਰ ਹੈ ਜਦੋਂ ਮਾਸਿਕ ਜੀਐੱਸਟੀ 1.40 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਇਕੱਤਰ ਹੋਇਆ ਹੈ। ਉਂਜ ਮਾਰਚ ਤੋਂ ਲਗਾਤਾਰ ਪੰਜਵੇਂ ਮਹੀਨੇ ਇੰਨੀ ਵੱਡੀ ਰਕਮ ਪ੍ਰਾਪਤ ਹੋਈ ਹੈ। ਜੁਲਾਈ ਦੌਰਾਨ ਵਸਤਾਂ ਦੀ ਦਰਾਮਦ ਤੋਂ ਮਾਲੀਆ 48 ਫ਼ੀਸਦ ਜ਼ਿਆਦਾ ਰਿਹਾ ਜਦਕਿ ਘਰੇਲੂ ਲੈਣ-ਦੇਣ ਤੋਂ ਮਾਲੀਆ 22 ਫ਼ੀਸਦੀ ਜ਼ਿਆਦਾ ਇਕੱਤਰ ਹੋਇਆ। -ਪੀਟੀਆਈ