ਨਵੀਂ ਦਿੱਲੀ, 18 ਮਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਟੀਕਾਕਰਨ ਨੂੰ ਕੋਵਿਡ-19 ਖ਼ਿਲਾਫ਼ ਲੜਾਈ ’ਚ ਇੱਕ ਸ਼ਕਤੀਸ਼ਾਲੀ ਹਥਿਆਰ ਦੱਸਿਆ ਤੇ ਕਿਹਾ ਕਿ ਵੱਡੇ ਪੱਧਰ ’ਤੇ ਇਸ ਦੀ ਸਪਲਾਈ ਯਕੀਨੀ ਬਣਾਉਣ ਲਈ ਸਰਕਾਰ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਰਾਜਾਂ ਤੇ ਜ਼ਿਲ੍ਹਿਆਂ ਦੇ ਅਧਿਕਾਰੀਆਂ ਨਾਲ ਵੀਡੀਓ ਕਾਨਫਰੰਸ ਰਾਹੀਂ ਗੱਲਬਾਤ ਤੋਂ ਬਾਅਦ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਦੀ ਦੂਜੀ ਲਹਿਰ ’ਚ ਪਿੰਡਾਂ ਤੇ ਦੂਰ ਦਰਾਜ ਦੇ ਖੇਤਰਾਂ ਵੱਲ ਜ਼ਿਆਦਾ ਧਿਆਨ ਦੇਣਾ ਪਵੇਗਾ। ਉਨ੍ਹਾਂ ਕਿਹਾ ਕਿ ਜਦੋਂ ਜ਼ਿਲ੍ਹਾ ਪੱਧਰ ’ਤੇ ਕਰੋਨਾ ਨੂੰ ਹਰਾਇਆ ਜਾਵੇਗਾ ਤਾਂ ਹੀ ਦੇਸ਼ ਕਰੋਨਾ ਖ਼ਿਲਾਫ਼ ਜੰਗ ਜਿੱਤੇਗਾ। ਉਨ੍ਹਾਂ ਕਿਹਾ, ‘ਟੀਕਾਕਰਨ ਕੋਵਿਡ ਖ਼ਿਲਾਫ਼ ਲੜਾਈ ’ਚ ਇੱਕ ਸ਼ਕਤੀਸ਼ਾਲੀ ਹਥਿਆਰ ਹੈ। ਇਸ ਲਈ ਇਸ ਨਾਲ ਜੁੜੇ ਭਰਮ ਅਸੀਂ ਮਿਲ ਕੇ ਦੂਰ ਕਰਨੇ ਹਨ। ਕਰੋਨਾ ਦੇ ਟੀਕੇ ਦੀ ਸਪਲਾਈ ਵੱਡੇ ਪੱਧਰ ’ਤੇ ਵਧਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।’ ਮੋਦੀ ਨੇ ਕਿਹਾ ਕਿ ਦੇਸ਼ ’ਚ ਦੁਨੀਆਂ ਦੀ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਟੀਕਿਆਂ ਦੀ ਬਰਬਾਦੀ ਰੋਕਣ ’ਤੇ ਵੀ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪੀਐੱਮ ਕੇਅਰਜ਼ ਰਾਹੀਂ ਦੇਸ਼ ਦੇ ਹਰ ਜ਼ਿਲ੍ਹੇ ਦੇ ਹਸਪਤਾਲ ’ਚ ਆਕਸੀਜਨ ਪਲਾਂਟ ਲਾਉਣ ਦਾ ਕੰਮ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ ਅਤੇ ਕਈ ਹਸਪਤਾਲਾਂ ’ਚ ਇਨ੍ਹਾਂ ਪਲਾਂਟਾਂ ਨੇ ਕੰਮ ਸ਼ੁਰੂ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ’ਚ ਇਸ ਸਮੇਂ ਕੁਝ ਦੇੇਸ਼ ’ਚ ਇਸ ਸਮੇਂ ਕੁਝ ਰਾਜਾਂ ’ਚ ਕਰੋਨਾ ਦੇ ਕੇਸ ਘੱਟ ਹੋ ਰਹੇ ਹਨ ਤਾਂ ਕੁਝ ਰਾਜਾਂ ’ਚ ਵਧ ਵੀ ਰਹੇ ਹਨ। ਉਨ੍ਹਾਂ ਕਿਹਾ, ‘ਘੱਟ ਹੁੰਦੇ ਅੰਕੜਿਆਂ ਵਿਚਾਲੇ ਸਾਨੂੰ ਜ਼ਿਆਦਾ ਚੌਕਸ ਰਹਿਣ ਦੀ ਲੋੜ ਹੈ। ਸਾਡੀ ਲੜਾਈ ਇੱਕ-ਇੱਕ ਜ਼ਿੰਦਗੀ ਬਚਾਉਣ ਦੀ ਹੈ।’ ਕਰੋਨਾ ਮਹਾਮਾਰੀ ਸੰਕਟ ਨਾਲ ਨਜਿੱਠਣ ’ਚ ਅਹਿਮ ਭੂਮਿਕਾ ਨਿਭਾ ਰਹੇ ਅਫਸਰਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ, ‘ਤੁਸੀਂ ਇੱਕ ਤਰ੍ਹਾਂ ਨਾਲ ਇਸ ਜੰਗ ਦੇ ਕਮਾਂਡਰ ਹੋ। ਸਾਡੇ ਦੇਸ਼ ’ਚ ਜਿੰਨੇ ਵੀ ਜ਼ਿਲ੍ਹੇ ਹਨ, ਓਨੀਆਂ ਹੀ ਵੱਖ ਵੱਖ ਚੁਣੌਤੀਆਂ ਹਨ। ਤੁਸੀਂ ਆਪਣੇ ਜ਼ਿਲ੍ਹੇ ਦੀਆਂ ਬਿਹਤਰ ਢੰਗ ਨਾਲ ਸਮਝਦੇ ਹੋ। ਇਸ ਲਈ ਜਦੋਂ ਤੁਹਾਡਾ ਜ਼ਿਲ੍ਹਾ ਜਿੱਤਦਾ ਹੈ ਤਾਂ ਦੇਸ਼ ਜਿੱਤਦਾ ਹੈ। ਜਦੋਂ ਤੁਹਾਡਾ ਜ਼ਿਲ੍ਹਾ ਕਰੋਨਾ ਨੂੰ ਹਰਾਉਂਦਾ ਹੈ ਤਾਂ ਦੇਸ਼ ਕਰੋਨਾ ਨੂੰ ਹਰਾਉਂਦਾ ਹੈ।’ ਪ੍ਰਧਾਨ ਮੰਤਰੀ ਨੇ ਕਿਹਾ ਕਿ ਜ਼ਿਲ੍ਹਿਆਂ ’ਚ ਮੈਡੀਕਲ ਸਹਾਇਤਾ ਦੇ ਨਾਲ ਨਾਲ ਹਰ ਜ਼ਰੂਰੀ ਚੀਜ਼ ਦੀ ਸਪਲਾਈ ਯਕੀਨੀ ਬਣਾਉਣਾ ਵੀ ਜ਼ਰੂਰੀ ਅਤੇ ਆਪਣੀਆਂ ਜ਼ਰੂਰਤਾਂ ਦੀ ਨਿਸ਼ਾਨਦੇਹੀ ਕਰਕੇ ਉਨ੍ਹਾਂ ਦਾ ਪ੍ਰਬੰਧ ਵੀ ਕਰਨਾ ਹੈ।
ਇਸ ਮੌਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਤੋਂ ਇਲਾਵਾ ਦਿੱਲੀ, ਮੱਧ ਪ੍ਰਦੇਸ਼, ਕਰਨਾਟਕ, ਉੱਤਰਾਖੰਡ ਦੇ ਮੁੱਖ ਮੰਤਰੀਆਂ ਨੇ ਵੀ ਹਿੱਸਾ ਲਿਆ, ਪ੍ਰਧਾਨ ਮੰਤਰੀ ਨੇ ਕਰਨਾਟਕ, ਬਿਹਾਰ, ਅਸਾਮ, ਚੰਡੀਗੜ੍ਹ ਤੇ ਉੱਤਰਾਖੰਡ, ਮੱਧ ਪ੍ਰਦੇਸ਼, ਗੋਆ, ਹਿਮਾਚਲ ਪ੍ਰਦੇਸ਼ ਤੇ ਦਿੱਲੀ ਦੇ ਅਧਿਕਾਰੀ ਹਾਜ਼ਰ ਸਨ। -ਪੀਟੀਆਈ