ਬਨਿਹਾਲ/ਜੰਮੂ, 18 ਜੂੁਨ
ਮੀਂਹ ਕਾਰਨ ਜ਼ਮੀਨ ਖਿਸਕਣ ਮਗਰੋਂ ਅੱਜ ਜੰਮੂ ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ ਵਿੱਚ ਜੰਮੂ-ਸ੍ਰੀਨਗਰ ਕੌਮੀ ਮਾਰਗ ਮੁੜ ਜਾਮ ਹੋ ਗਿਆ ਜਿਸ ਕਾਰਨ ਉੱਥੇ ਸੈਂਕੜੇ ਵਾਹਨ ਫਸ ਗਏ। ਇੱਕ ਅਧਿਕਾਰੀ ਨੇ ਦੱਸਿਆ ਕਿ ਬਾਅਦ ਦੁਪਹਿਰ ਡੇਢ ਵਜੇ ਦੇ ਕਰੀਬ ਸਮਰੌਲੀ ਨੇੜੇ ਢਿੱਗਾਂ ਡਿੱਗਣ ਕਾਰਨ ਕਸ਼ਮੀਰ ਨੂੰ ਦੇਸ਼ ਦੇ ਬਾਕੀ ਸੂਬਿਆਂ ਨਾਲ ਜੋੜਣ ਵਾਲਾ ਇਕਲੌਤਾ ਕੌਮੀ ਮਾਰਗ ਬੰਦ ਹੋ ਗਿਆ। ਉਨ੍ਹਾਂ ਦੱਸਿਆ ਕਿ ਸਬੰਧਤ ਏਜੰਸੀਆਂ ਨੇ ਸੜਕ ਤੋਂ ਮਲਬਾ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਅਧਿਕਾਰੀ ਨੇ ਦੱਸਿਆ ਕਿ ਰਾਮਬਨ ਜ਼ਿਲ੍ਹੇ ਦੇ ਪੰਥਿਆਲ ਵਿੱਚ ਪਹਾੜੀ ਤੋਂ ਪੱਥਰ ਖਿਸਕਣ ਕਾਰਨ ਦੋ ਕਾਰਾਂ ਨੁਕਸਾਨੀਆਂ ਗਈਆਂ। ਹਾਲਾਂਕਿ ਕਿਸੇ ਵੀ ਸਵਾਰ ਦੇ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਹੈ। ਇਸ ਤੋਂ ਪਹਿਲਾਂ ਬੀਤੇ ਦਿਨ ਬਨਿਹਾਲ ਨੇੜੇ ਜ਼ਮੀਨ ਖਿਸਕਣ ਕਾਰਨ ਕੌਮੀ ਮਾਰਗ ਦਸ ਘੰਟੇ ਲਈ ਬੰਦ ਰਿਹਾ ਸੀ, ਜਿਸ ਨੂੰ ਦੇਰ ਰਾਤ ਇੱਕ ਪਾਸਿਓਂ ਆਵਾਜਾਈ ਲਈ ਖੋਲ੍ਹਿਆ ਗਿਆ ਸੀ। -ਪੀਟੀਆਈ