ਨਵੀਂ ਦਿੱਲੀ, 3 ਅਗਸਤ
ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਮੁਖੀ ਲਾਲੂ ਪ੍ਰਸਾਦ ਨੇ ਸ਼ਰਦ ਯਾਦਵ ਨਾਲ ਮੁਲਾਕਾਤ ਕੀਤੀ। ਸ੍ਰੀ ਯਾਦਵ ਲੰਬੀ ਬਿਮਾਰੀ ਮਗਰੋਂ ਤੰਦਰੁਸਤ ਹੋਏ ਹਨ। ਦੋਵਾਂ ਆਗੂਆਂ ਨੇ ਘੰਟੇ ਤੋਂ ਵੱਧ ਸਮੇਂ ਤਕ ਗੱਲਬਾਤ ਕੀਤੀ। ਆਰਜੇਡੀ ਮੁਖੀ ਨੇ ਕਿਹਾ ਕਿ ਸ਼ਰਦ ਯਾਦਵ, ਮੁਲਾਇਮ ਸਿੰਘ ਯਾਦਵ ਅਤੇ ਉਨ੍ਹਾਂ ਦੇ ਖ਼ੁਦ ਦੇ ਗ਼ੈਰਹਾਜ਼ਰ ਹੋਣ ਕਾਰਨ ਸੰਸਦ ਵਿਚ ਲੋਕ ਮੁੱਦਿਆਂ ਨੂੰ ਅਣਗੌਲਿਆ ਕਰ ਦਿੱਤਾ ਗਿਆ। ਉਨ੍ਹਾਂ ਐਲਜੇਪੀ ਦੇ ਆਗੂ ਚਿਰਾਗ ਪਾਸਵਾਨ ਦਾ ਵੀ ਸਮਰਥਨ ਕੀਤਾ, ਜਿਸ ਨੂੰ ਉਸ ਦੇ ਚਾਚਾ ਦੀ ਅਗਵਾਈ ਵਾਲੀ ਪਾਰਟੀ ਦੇ ਪੰਜ ਸੰਸਦ ਮੈਂਬਰਾਂ ਨੇ ਛੱਡ ਦਿੱਤਾ ਸੀ। ਉਨ੍ਹਾਂ ਕਿਹਾ ਕਿ ਨੌਜਵਾਨ ਸੰਸਦ ਮੈਂਬਰ ਝਗੜੇ ਦੇ ਬਾਵਜੂਦ ਆਗੂ ਦੇ ਰੂਪ ’ਚ ਉੱਭਰਿਆ ਹੈ। ਬਿਹਾਰ ਦੇ ਸਾਬਕਾ ਮੁੱਖ ਮੰਤਰੀ ਨੇ ਉਨ੍ਹਾਂ ਦੀ ਪਾਰਟੀ ਅਤੇ ਐਲਜੇਪੀ ਵਿਚ ਗੱਠਜੋੜ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਪੁੱਤਰ ਤੇਜਸਵੀ ਯਾਦਵ ਦੀ ਅਗਵਾਈ ਵੀ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਆਰਜੇਡੀ ਮੁਖੀ ਦੇ ਨਾਲ ਪਾਰਟੀ ਦੇ ਸੰਸਦ ਮੈਂਬਰ ਪ੍ਰੇਮ ਚੰਦ ਗੁਪਤਾ ਅਤੇ ਮੀਸਾ ਭਾਰਤੀ ਵੀ ਸਨ। -ਪੀਟੀਆਈ
ਸਮਰਥਨ ਕਰਨ ਲਈ ਚਿਰਾਗ ਵੱਲੋਂ ਲਾਲੂ ਪ੍ਰਸਾਦ ਦਾ ਧੰਨਵਾਦ
ਪਟਨਾ: ਮੁਸ਼ਕਲ ਹਾਲਾਤ ਨਾਲ ਜੂਝ ਰਹੇ ਲੋਕ ਜਨਸ਼ਕਤੀ ਪਾਰਟੀ ਦੇ ਆਗੂ ਚਿਰਾਗ ਪਾਸਵਾਨ ਨੇ ਰਾਸ਼ਟਰੀ ਜਨਤਾ ਦਲ (ਆਰਜੇਡੀ) ਪ੍ਰਧਾਨ ਲਾਲੂ ਪ੍ਰਸਾਦ ਯਾਦਵ ਦਾ ਸਮਰਥਨ ਦੇਣ ਲਈ ਧੰਨਵਾਦ ਕਰਦਿਆਂ ਉਨ੍ਹਾਂ ਦੇ ਆਪਣੇ ਪਿਤਾ ਮਰਹੂਮ ਰਾਮ ਵਿਲਾਸ ਪਾਸਵਾਨ ਨਾਲ ‘ਨਿੱਘੇ ਸਬੰਧਾਂ’ ਨੂੰ ਯਾਦ ਕੀਤਾ। ਲਾਲੂ ਪ੍ਰਸਾਦ ਦੇ ਸੁਝਾਅ ਕਿ ਚਿਰਾਗ ਨੂੰ ਉਨ੍ਹਾਂ ਦੇ ਪੁੱਤਰ ਅਤੇ ਆਰਜੇਡੀ ਆਗੂ ਤੇਜਸ਼ਵੀ ਯਾਦਵ ਨਾਲ ਮਿਲ ਕੇ ਕੰਮ ਕਰਨਾ ਚਾਹੀਦਾ ਹੈ, ਬਾਰੇ ਪੁੱਛਣ ’ਤੇ ਅਣਵੰਡੀ ਐੱਲਜੀਪੀ ਦੇ ਮੁਖੀ ਨੇ ਕਿਹਾ, ‘‘ਲਾਲੂ ਜੀ ਦੇ ਮੇਰੇ ਪਿਤਾ ਅਤੇ ਸਿਆਸੀ ਗੁਰੂ ਰਾਮ ਵਿਲਾਸ ਪਾਸਵਾਨ ਨਾਲ ਸੁਖਾਵੇਂ ਸਬੰਧ ਰਹੇ ਹਨ। ਮੇਰੀ ਲੀਡਰਿਸ਼ਪ ’ਤੇ ਭਰੋਸਾ ਪ੍ਰਗਟਾਉਣ ਲਈ ਉਨ੍ਹਾਂ ਦਾ ਧੰਨਵਾਦ। ਪਰ, ਫਿਲਹਾਲ ਮੇਰੀ ਤਰਜੀਹ ਚੱਲ ਰਹੀ ਸੂਬਾ ਪੱਧਰੀ ਆਸ਼ੀਰਵਾਦ ਯਾਤਰਾ ਹੈ।’’ -ਪੀਟੀਆਈ