ਪਟਨਾ, 24 ਨਵੰਬਰ
ਸਿਆਸਤ ਵਿਚ ਅਸਾਧਾਰਨ ਸਿਆਸੀ ਸੂਝ ਲਈ ਜਾਣੇ ਜਾਂਦੇ ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਯਾਦਵ ਅੱਜ ਡਰਾਈਵਿੰਗ ਵਿਚ ਹੱਥ ਅਜਮਾਉਂਦੇ ਹੋਏ ਨਜ਼ਰ ਆਏ। ਇਸ ਦੌਰਾਨ ਉਨ੍ਹਾਂ ਸ਼ਾਇਦ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਕਿ ਉਹ ਮਾੜੀ ਸਿਹਤ ਦੇ ਬਾਵਜੂਦ ਚਾਲਕ ਦੀ ਸੀਟ ’ਤੇ ਕਾਬਜ਼ ਹਨ। ਇਸ ਦੌਰਾਨ ਉਨ੍ਹਾਂ ਇਹ ਦਿਖਾਉਣ ਦੀ ਕੋਸ਼ਿਸ਼ ਵੀ ਕੀਤੀ ਕਿ ਉਨ੍ਹਾਂ ਨੇ ਆਪਣੇ ਆਪ ਵਿਚ ਆਨੰਦ ਮਾਣਨ ਦੀ ਆਪਣੀ ਸਮਰੱਥਾ ਨੂੰ ਕਾਇਮ ਰੱਖਿਆ ਹੋਇਆ ਹੈ। ਲੋਕਾਂ ਨੇ ਲਾਲੂ ਪ੍ਰਸਾਦ ਯਾਦਵ ਨੂੰ ਸਾਬਕਾ ਮੁੱਖ ਮੰਤਰੀ ਅਤੇ ਉਨ੍ਹਾਂ ਦੀ ਪਤਨੀ ਰਾਬੜੀ ਦੇਵੀ ਦੇ ਬੰਗਲੇ ਨੇੜਲੀਆਂ ਸੜਕਾਂ ’ਤੇ ਜੀਪ ਚਲਾਉਂਦੇ ਹੋਏ ਦੇਖਿਆ। ਇਸ ਮੌਕੇ ਉਨ੍ਹਾਂ ਦੇ ਸਮਰਥਕ ਜਿੱਥੇ ਉਤਸ਼ਾਹਿਤ ਦਿਖੇ ਉੱਥੇ ਹੀ ਲੋਕਾਂ ਨੇ ਵੀ ਇਸ ਨਜ਼ਾਰੇ ਦਾ ਮਜ਼ਾ ਲਿਆ। ਉੱਧਰ, ਸੁਰੱਖਿਆ ਮੁਲਾਜ਼ਮਾਂ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਲਾਲੂ ਪ੍ਰਸਾਦ ਯਾਦਵ ਨੇ ਜੀਪ ਪੂਰੀ ਨਿਪੁੰਨਤਾ ਨਾਲ ਪਿੱਛੇ ਨੂੰ ਵੀ ਚਲਾਈ ਅਤੇ ਤਿੱਖੇ ਮੋੜਾਂ ’ਤੇ ਵੀ ਮੋੜੀ। ਉਨ੍ਹਾਂ ਆਪਣੇ ਟਵਿੱਟਰ ਹੈਂਡਲ ’ਤੇ ਆਪਣੇ ਇਸ ਛੋਟੇ ਜਿਹੇ ਰੋਮਾਂਚ ਦਾ ਇਕ ਵੀਡੀਓ ਸਾਂਝਾ ਕਰਦਿਆਂ ਹਿੰਦੀ ਵਿਚ ਟਵੀਟ ਕੀਤਾ, ‘‘ਕਈ ਸਾਲਾਂ ਬਾਅਦ ਅੱਜ ਮੈਂ ਵਾਹਨ ਚਲਾਇਆ। ਹਰੇਕ ਵਿਅਕਤੀ ਜੋ ਇਸ ਦੁਨੀਆ ਵਿਚ ਪੈਦਾ ਹੁੰਦਾ ਹੈ, ਕਿਸੇ ਨਾ ਕਿਸੇ ਰੂਪ ਵਿਚ ਇਕ ਚਾਲਕ ਹੁੰਦਾ ਹੈ। ਤੁਹਾਡੇ ਜੀਵਨ ਵਿਚ ਪ੍ਰੇਮ, ਸ਼ਾਂਤੀ, ਬਰਾਬਰਤਾ, ਖੁਸ਼ਹਾਲੀ, ਧੀਰਜ ਅਤੇ ਨਿਆਂ ਰੂਪੀ ਗੱਡੀ ਸਭ ਨੂੰ ਨਾਲ ਲੈ ਕੇ ਹਮੇਸ਼ਾ ਮਜ਼ੇ ਨਾਲ ਚੱਲਦੀ ਰਹੇ।’’ -ਪੀਟੀਆਈ