ਪਟਨਾ, 1 ਸਤੰਬਰ
ਆਰਜੇਡੀ ਦੇ ਪ੍ਰਧਾਨ ਲਾਲੂ ਪ੍ਰਸਾਦ ਨੇ ਜੈ ਪ੍ਰਕਾਸ਼ ਨਾਰਾਇਣ ਯੂਨੀਵਰਸਿਟੀ ਛਪਰਾ ਦੇ ਪਾਠਕ੍ਰਮ ’ਚੋਂ ਜੈ ਪ੍ਰਕਾਸ਼ ਨਾਰਾਇਣ (ਜੇਪੀ) ਅਤੇ ਰਾਮ ਮਨੋਹਰ ਲੋਹੀਆ ਦੀ ਵਿਚਾਰਧਾਰਾ ਨਾਲ ਸਬੰਧਤ ਵਿਸ਼ੇ ਹਟਾਉਣ ਨੂੰ ‘ਅਸਹਿਣ ਯੋਗ’ ਕਦਮ ਕਰਾਰ ਦਿੱਤਾ ਹੈ। ਲਾਲੂ ਨੇ ਟਵੀਟ ਕਰਕੇ ਕਿਹਾ,‘‘ਮੈਂ ਜੈ ਪ੍ਰਕਾਸ਼ ਜੀ ਦੇ ਨਾਮ ਹੇਠ 30 ਸਾਲ ਪਹਿਲਾਂ ਛਪਰਾ ’ਚ ਯੂਨੀਵਰਸਿਟੀ ਬਣਾਈ ਸੀ। ਹੁਣ ਸੰਘੀ ਬਿਹਾਰ ਸਰਕਾਰ ਅਤੇ ਸੰਘੀ ਮਾਨਸਿਕਤਾ ਵਾਲੇ ਅਧਿਕਾਰੀ ਮਹਾਨ ਸੋਸ਼ਲਿਸਟ ਆਗੂਆਂ ਜੇਪੀ ਅਤੇ ਲੋਹੀਆ ਦੀਆਂ ਵਿਚਾਰਧਾਰਾਵਾਂ ਨੂੰ ਯੂਨੀਵਰਸਿਟੀ ’ਚੋਂ ਹਟਾ ਰਹੇ ਹਨ। ਯੂਨੀਵਰਸਿਟੀ ਜੈ ਪ੍ਰਕਾਸ਼ ਨਾਰਾਇਣ ਦੇ ਨਾਮ ਹੇਠ ਬਣੀ ਹੋਈ ਹੈ ਪਰ ਨਵੇਂ ਪਾਠਕ੍ਰਮ ’ਚੋਂ ਉਨ੍ਹਾਂ ਦਾ ਨਾਮ ਹੀ ਗਾਇਬ ਹੈ। ਇਹ ਅਸਹਿਣਯੋਗ ਕਦਮ ਹੈ ਅਤੇ ਸੂਬਾ ਸਰਕਾਰ ਨੂੰ ਇਸ ਮਾਮਲੇ ਦਾ ਨੋਟਿਸ ਲੈਣਾ ਚਾਹੀਦਾ ਹੈ।’’ ਯੂਨੀਵਰਸਿਟੀ ਨੇ ਦਯਾਨੰਦ ਸਰਸਵਤੀ, ਰਾਜਾ ਰਾਮ ਮੋਹਨ ਰਾਏ, ਬਾਲ ਗੰਗਾਧਰ ਤਿਲਕ ਅਤੇ ਐੱਮ ਐੱਨ ਰਾਏ ਨਾਲ ਸਬੰਧਤ ਵਿਸ਼ੇ ਵੀ ਹਟਾ ਦਿੱਤੇ ਹਨ ਅਤੇ ਪਾਠਕ੍ਰਮ ’ਚ ਦੀਨ ਦਿਆਲ ਉਪਾਧਿਆਏ, ਨੇਤਾਜੀ ਸੁਭਾਸ਼ ਚੰਦਰ ਬੋਸ ਅਤੇ ਜਯੋਤੀਰਾਓ ਫੂਲੇ ਨੂੰ ਸ਼ਾਮਲ ਕਰ ਲਿਆ ਹੈ। -ਆਈਏਐਨਐਸ