ਮੁੰਬਈ, 14 ਜੁਲਾਈ
ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ ਸਾਬਕਾ ਚੇਅਰਮੈਨ ਲਲਿਤ ਮੋਦੀ(56) ਨੇ ਬੌਲੀਵੁੱਡ ਅਦਾਕਾਰ ਤੇ ਸਾਬਕਾ ਬ੍ਰਹਿਮੰਡ ਸੁੰਦਰੀ ਸੁਸ਼ਮਿਤਾ ਸੇਨ ਨਾਲ ਡੇਟਿੰਗ ਕਰਨ ਦੀ ਗੱਲ ਕਬੂਲੀ ਹੈ। ਆਈਪੀਐੱਲ ਦਾ ਬਾਨੀ ਲਲਿਤ ਮੋਦੀ, ਜੋ ਇਸ ਵੇਲੇ ਲੰਡਨ ਵਿੱਚ ਰਹਿ ਰਿਹਾ ਹੈ, ਨੇ ਆਪਣੇ ਟਵਿੱਟਰ ਖਾਤੇ ’ਤੇ ਇਕ ਪੋੋਸਟ ਰਾਹੀਂ ਸੇਨ ਨਾਲ ਆਪਣੇ ਰਿਸ਼ਤੇ ਦਾ ਖੁਲਾਸਾ ਕੀਤਾ ਹੈ। ਮੋਦੀ ਨੇ ਟਵੀਟ ਨਾਲ ਆਪਣੀ ਤੇ ਅਦਾਕਾਰ ਦੀਆਂ ਦੋ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਮੋਦੀ ਵੱਲੋਂ ਟਵੀਟ ਸਾਂਝਿਆਂ ਕਰਦੇ ਹੀ ਸੋਸ਼ਲ ਮੀਡੀਆ ’ਤੇ ਦੋਵਾਂ ਦੇ ਵਿਆਹ ਨੂੰ ਲੈ ਕੇ ਨਵੀਂ ਚੁੰਝ ਚਰਚਾ ਛਿੜ ਗਈ। ਹਾਲਾਂਕਿ ਕਾਰੋਬਾਰੀ ਨੇ ਮਗਰੋਂ ਇਕ ਟਵੀਟ ਵਿੱਚ ਸਪਸ਼ਟ ਕੀਤਾ, ‘‘ਸਿਰਫ਼ ਸਪਸ਼ਟੀਕਰਨ ਲਈ। ਵਿਆਹ ਨਹੀਂ ਕਰਵਾਇਆ…ਬੱਸ ਇਕ ਦੂਜੇ ਨਾਲ ਡੇਟਿੰਗ ਕਰ ਰਹੇ ਹਾਂ। ਵਿਆਹ ਵੀ ਇਕ ਦਿਨ ਹੋ ਜਾਵੇਗਾ।’’ ਉਧਰ ਸੇਨ ਨੇ ਮੋਦੀ ਨਾਲ ਸਬੰਧਾਂ ਬਾਰੇ ਅਜੇ ਤੱਕ ਪੁਸ਼ਟੀ ਨਹੀਂ ਕੀਤੀ। -ਪੀਟੀਆਈ