ਜੰਮੂ/ਨਵੀਂ ਦਿੱਲੀ: ਗਣਤੰਤਰ ਦਿਵਸ ਮੌਕੇ ਲਾਲ ਕਿਲੇ ’ਤੇ ਹੋਈ ਹਿੰਸਾ ਦੇ ਮਾਮਲੇ ’ਚ ਦਿੱਲੀ ਪੁਲੀਸ ਨੇ ਕਿਸਾਨ ਆਗੂ ਸਮੇਤ ਦੋ ਹੋਰ ਵਿਅਕਤੀਆਂ ਨੂੰ ਜੰਮੂ ਤੋਂ ਗ੍ਰਿਫ਼ਤਾਰ ਕੀਤਾ ਹੈ। ਦਿੱਲੀ ਪੁਲੀਸ ਨੇ ਕਿਹਾ ਹੈ ਕਿ ਜੰਮੂ-ਕਸ਼ਮੀਰ ਯੂਨਾਈਟਿਡ ਕਿਸਾਨ ਫਰੰਟ ਦੇ ਚੇਅਰਮੈਨ ਮਹਿੰਦਰ ਸਿੰਘ (45) ਅਤੇ ਮਨਦੀਪ ਸਿੰਘ (23) ਇਤਿਹਾਸਕ ਕਿਲੇ ’ਤੇ ਹਿੰਸਾ ਭੜਕਾਉਣ ਦੇ ਮੁੱਖ ਸਾਜ਼ਿਸ਼ਕਾਰਾਂ ’ਚੋਂ ਸਨ ਅਤੇ ਉਹ ਉਥੇ ਮੌਜੂਦ ਸਨ। ਦੋਹਾਂ ਨੂੰ ਦਿੱਲੀ ਪੁਲੀਸ ਦੀ ਕ੍ਰਾਈਮ ਬਰਾਂਚ ਨੇ ਸੋਮਵਾਰ ਰਾਤ ਹਿਰਾਸਤ ’ਚ ਲੈ ਲਿਆ ਸੀ ਅਤੇ ਉਨ੍ਹਾਂ ਨੂੰ ਪੁੱਛ-ਗਿੱਛ ਲਈ ਆਪਣੇ ਨਾਲ ਦਿੱਲੀ ਲੈ ਗਈ। ਉਧਰ ਮਹਿੰਦਰ ਸਿੰਘ ਦੇ ਪਰਿਵਾਰ ਨੇ ਦਾਅਵਾ ਕੀਤਾ ਹੈ ਕਿ ਉਹ ਬੇਕਸੂਰ ਹਨ ਅਤੇ ਉਨ੍ਹਾਂ ਨੂੰ ਤੁਰੰਤ ਛੱਡਿਆ ਜਾਵੇ। ਦੋਹਾਂ ਦੀ ਗ੍ਰਿਫ਼ਤਾਰੀ ਵਿਰੁੱਧ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਜੰਮੂ ’ਚ ਡਿਗਿਆਣਾ ਨੇੜੇ ਜੰਮੂ-ਪਠਾਨਕੋਟ ਰਾਜਮਾਰਗ ਜਾਮ ਕਰ ਦਿੱਤਾ। ਕਿਸਾਨ ਆਗੂ ਦੀ ਪਤਨੀ ਨੇ ਪੱਤਰਕਾਰਾਂ ਨੂੰ ਕਿਹਾ,‘‘ਉਨ੍ਹਾਂ (ਮਹਿੰਦਰ ਸਿੰਘ) ਮੈਨੂੰ ਦੱਸਿਆ ਸੀ ਕਿ ਜੰਮੂ ਦੇ ਐੱਸਐੱਸਪੀ ਨੇ ਸੱਦਿਆ ਹੈ ਅਤੇ ਉਹ ਗਾਂਧੀ ਨਗਰ ਪੁਲੀਸ ਸਟੇਸ਼ਨ ਜਾ ਰਹੇ ਹਨ। ਇਸ ਮਗਰੋਂ ਉਨ੍ਹਾਂ ਦਾ ਮੋਬਾਈਲ ਫੋਨ ਬੰਦ ਮਿਲਿਆ। ਬਾਅਦ ’ਚ ਜਦੋਂ ਇਧਰੋਂ-ਉਧਰੋਂ ਪਤਾ ਲਾਇਆ ਗਿਆ ਤਾਂ ਦੱਸਿਆ ਗਿਆ ਕਿ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਪੁਲੀਸ ਦਿੱਲੀ ਲੈ ਗਈ ਹੈ।’’ ਉਨ੍ਹਾਂ ਦਾਅਵਾ ਕੀਤਾ ਕਿ ਜਦੋਂ ਹਿੰਸਾ ਹੋਈ ਸੀ ਤਾਂ ਮਹਿੰਦਰ ਸਿੰਘ ਦਿੱਲੀ ਬਾਰਡਰ ’ਤੇ ਸੀ ਨਾ ਕਿ ਲਾਲ ਕਿਲੇ ’ਤੇ ਗਿਆ ਸੀ। ਉਨ੍ਹਾਂ ਕਿਹਾ ਕਿ ਉਹ ਐੱਸਐੱਸਪੀ ਨੂੰ ਇਕੱਲੇ ਹੀ ਮਿਲਣ ਲਈ ਗਏ ਸਨ ਕਿਉਂਕਿ ਉਨ੍ਹਾਂ ਕੁਝ ਵੀ ਗਲਤ ਨਹੀਂ ਕੀਤਾ ਹੈ ਜੋ ਉਹ ਕਿਸੇ ਤੋਂ ਡਰਨ।
-ਪੀਟੀਆਈ