ਕੋਚੀ, 24 ਜੂਨ
ਵੱਖ ਵੱਖ ਅਦਾਰਿਆਂ ਦੇ ਵਿਗਿਆਨੀਆਂ ਦੇ ਗੁੱਟ ਨੇ ਕਿਹਾ ਹੈ ਕਿ ਪ੍ਰਸਤਾਵਿਤ ਲਕਸ਼ਦੀਪ ਡਿਵੈਲਪਮੈਂਟ ਅਥਾਰਿਟੀ ਰੈਗੂਲੇਸ਼ਨ, 2021 ’ਚ ਬਹੁਤ ਸਾਰੀਆਂ ਖਾਮੀਆਂ ਹਨ ਅਤੇ ਇਹ ਮੌਜੂਦਾ ਕਾਨੂੰਨੀ ਧਾਰਾਵਾਂ ਖ਼ਿਲਾਫ਼ ਕੰਮ ਕਰੇਗਾ ਜਿਨ੍ਹਾਂ ਲਕਸ਼ਦੀਪ ਦੇ ਵਾਤਾਵਰਨ, ਰੋਜ਼ੀ-ਰੋਟੀ ਅਤੇ ਸੱਭਿਆਚਾਰ ਨੂੰ ਸਾਂਭਿਆ ਹੋਇਆ ਹੈ। ਲਕਸ਼ਦੀਪ ਰਿਸਰਚ ਕੁਲੈਕਟਿਵ ਨੇ 60 ਹੋਰਾਂ ਨਾਲ ਅੱਜ ਬਿਆਨ ਜਾਰੀ ਕਰਕੇ ਦੱਸਿਆ ਕਿ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਪੱਤਰ ਭੇਜ ਕੇ ਲਕਸ਼ਦੀਪ ਡਿਵੈਲਪਮੈਂਟ ਅਥਾਰਿਟੀ ਰੈਗੁਲੇਸ਼ਨ 2021 ਵਾਪਸ ਲੈਣ ਲਈ ਦਖ਼ਲ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਲਕਸ਼ਦੀਪ ਨੂੰ ਵਾਤਾਵਰਨ ਬਦਲਾਅ ਦੇ ਅਸਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਿਗਿਆਨੀਆਂ ਮੁਤਾਬਕ ਲਕਸ਼ਦੀਪ ਦੇ ਸਥਾਈ ਵਿਕਾਸ ਦੀ ਰੂਪ-ਰੇਖਾ ਤਿਆਰ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜਿਹੜਾ ਵੀ ਵਿਅਕਤੀ ਟਾਪੂ ’ਤੇ ਰਿਹਾ ਹੈ, ਉਹ ਜਾਣਦਾ ਹੈ ਕਿ ਵਿਕਾਸ ਦੇ ਸਾਰੇ ਕੰਮਾਂ ਨੂੰ ਧਿਆਨ ਨਾਲ ਕਰਨਾ ਪਵੇਗਾ। ਦਕਸ਼ਿਨ ਫਾਊਂਡੇਸ਼ਨ ਦੇ ਡਾਇਰੈਕਟਰ ਡਾਕਟਰ ਨਵੀਨ ਨੰਬੂਤਰੀ ਨੇ ਕਿਹਾ ਕਿ ਲਕਸ਼ਦੀਪ ਟਾਪੂ ਦੇ ਲੋਕ ਰਲ ਕੇ ਸਮਾਜ ’ਚ ਵਿਚਰਦੇ ਹਨ। ਉਨ੍ਹਾਂ ਕਿਹਾ ਕਿ ਟਾਪੂ ਦਾ ਵਿਕਾਸ ਲੋਕਾਂ ਨੂੰ ਵੰਡ ਕੇ ਨਹੀਂ ਹੋਣਾ ਚਾਹੀਦਾ ਹੈ। ਵਿਗਿਆਨੀਆਂ ਨੇ ਰਾਸ਼ਟਰਪਤੀ ਨੂੰ ਅਪੀਲ ਕੀਤੀ ਹੈ ਕਿ ਉਹ ਜਸਟਿਸ ਰਵੀਂਦਰਨ ਕਮੇਟੀ ਦੀਆਂ ਸਿਫ਼ਾਰਿਸ਼ਾਂ ਨੂੰ ਬਹਾਲ ਕਰਨ ਅਤੇ ਉਨ੍ਹਾਂ ਨੂੰ ਮਜ਼ਬੂਤੀ ਨਾਲ ਲਾਗੂ ਕੀਤਾ ਜਾਵੇ। -ਪੀਟੀਆਈ
ਆਯਸ਼ਾ ਸੁਲਤਾਨਾ ਤੋਂ ਲਕਸ਼ਦੀਪ ਪੁਲੀਸ ਵੱਲੋਂ ਪੁੱਛ-ਪੜਤਾਲ
ਕੋਚੀ: ਲਕਸ਼ਦੀਪ ’ਚ ਦੇਸ਼ਧ੍ਰੋਹ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੀ ਫਿਲਮਸਾਜ਼ ਆਯਸ਼ਾ ਸੁਲਤਾਨਾ ਤੋਂ ਅੱਜ ਕਵਰਾਟੀ ਪੁਲੀਸ ਨੇ ਪੁੱਛ-ਪੜਤਾਲ ਕੀਤੀ। ਭਾਜਪਾ ਆਗੂ ਦੀ ਸ਼ਿਕਾਇਤ ’ਤੇ ਦਰਜ ਕੇਸ ਦੇ ਆਧਾਰ ’ਤੇ ਸੁਲਤਾਨਾ ਤੋਂ ਪੁਲੀਸ ਨੇ ਐਤਵਾਰ, ਬੁੱਧਵਾਰ ਅਤੇ ਵੀਰਵਾਰ ਨੂੰ ਸਵਾਲ ਪੁੱਛੇ ਹਨ। ਕਰੀਬ ਤਿੰਨ ਘੰਟਿਆਂ ਦੀ ਪੁੱਛ-ਪੜਤਾਲ ਮਗਰੋਂ ਸੁਲਤਾਨਾ ਨੇ ਕਿਹਾ ਕਿ ਬੁੱਧਵਾਰ ਨੂੰ ਵੀ ਉਸ ਤੋਂ ਕਰੀਬ ਅੱਠ ਘੰਟਿਆਂ ਤੱਕ ਸਵਾਲ ਦਾਗ਼ੇ ਗਏ ਸਨ ਅਤੇ ਪੁੱਛਿਆ ਸੀ ਕਿ ਕੀ ਉਸ ਦੇ ਵਿਦੇਸ਼ ’ਚ ਸੰਪਰਕ ਹਨ। ਪੁਲੀਸ ਨੇ ਉਸ ਦੇ ਵਟਸਐਪ, ਇੰਸਟਾਗ੍ਰਾਮ ਅਤੇ ਫੇਸਬੁੱਕ ਖਾਤਿਆਂ ਦੀ ਵੀ ਜਾਂਚ ਕੀਤੀ ਹੈ। ਇਸ ਤੋਂ ਪਹਿਲਾਂ ਐਤਵਾਰ ਨੂੰ ਵੀ ਤਿੰਨ ਘੰਟਿਆਂ ਤੱਕ ਉਸ ਤੋਂ ਪੁੱਛ-ਗਿੱਛ ਕੀਤੀ ਗਈ ਸੀ। -ਪੀਟੀਆਈ