ਲਖੀਮੁਪਰ/ਪੀਲੀਭੀਤ(ਯੂਪੀ), 19 ਫਰਵਰੀ
ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਯੂਪੀ ਦੇ ਲਖੀਮਪੁਰ ਖੀਰੀ ਵਿੱਚ ਕਿਸਾਨਾਂ ਨੂੰ ਜੀਪ ਹੇਠ ਦਰੜਨ ਨਾਲ ਜੁੜੀ ਘਟਨਾ ਦੀ ਤੁਲਨਾ ਜੱਲ੍ਹਿਆਂਵਾਲਾ ਬਾਗ਼ ਕਤਲੇਆਮ ਨਾਲ ਕੀਤੀ ਹੈ। ਯੂਪੀ ਵਿੱਚ ਭਲਕੇ ਤੀਜੇ ਗੇੜ ਦੀਆਂ ਚੋਣਾਂ ਤੋਂ ਪਹਿਲਾਂ ਦਿੱਤੇ ਇਕ ਬਿਆਨ ’ਚ ਅਖਿਲੇਸ਼ ਨੇ ਕਿਹਾ ਕਿ ਸੱਤਾ ਵਿੱਚ ਆਉਣ ’ਤੇ ਉਨ੍ਹਾਂ ਦੀ ਸਰਕਾਰ ਲਖੀਮਪੁਰ ਖੀਰੀ ਵਿੱਚ ਹੋਏ ਅਪਰਾਧ ਦੇ ਸਾਜ਼ਿਸ਼ਘਾੜਿਆਂ ਖ਼ਿਲਾਫ਼ ਕਾਰਵਾਈ ਕਰੇਗੀ। ਪਿਛਲੇ ਸਾਲ ਅਕਤੂਬਰ ਵਿੱਚ ਲਖੀਮਪੁਰ ਖੀਰੀ ਹਿੰਸਾ ਦੌਰਾਨ ਚਾਰ ਕਿਸਾਨਾਂ ਸਮੇਤ ਅੱਠ ਵਿਅਕਤੀਆਂ ਦੀ ਜਾਨ ਜਾਂਦੀ ਰਹੀ ਸੀ। ਭਾਜਪਾ ਵਰਕਰਾਂ ਨੂੰ ਲਿਜਾ ਰਹੀ ਇਕ ਜੀਪ ਨੇ ਚਾਰ ਕਿਸਾਨਾਂ ਨੂੰ ਗੱਡੀ ਦੇ ਪਹੀਆਂ ਹੇਠ ਦਰੜ ਦਿੱਤਾ ਸੀ। ਇਸ ਜੀਪ ਵਿੱਚ ਕਥਿਤ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦਾ ਪੁੱਤਰ ਆਸ਼ੀਸ਼ ਮਿਸ਼ਰਾ ਵੀ ਸਵਾਰ ਸੀ। ਕੇਸ ’ਚ ਮੁੱਖ ਮੁਲਜ਼ਮ ਵਜੋਂ ਨਾਮਜ਼ਦ ਆਸ਼ੀਸ਼ ਮਿਸ਼ਰਾ ਨੂੰ ਅਜੇ ਕੁਝ ਦਿਨ ਪਹਿਲਾਂ ਹੀ ਜ਼ਮਾਨਤ ਮਿਲੀ ਹੈ। -ਪੀਟੀਆਈ