ਲਖੀਮਪੁਰ ਖੀਰੀ: ਇਥੋਂ ਦੀ ਅਦਾਲਤ ਨੇ ਆਲਟ ਨਿਊਜ਼ ਦੇ ਸਹਿ-ਸੰਸਥਾਪਕ ਮੁਹੰਮਦ ਜ਼ੁਬੈਰ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਹੈ। ਨਫ਼ਰਤ ਅਤੇ ਦੁਸ਼ਮਣੀ ਫੈਲਾਉਣ ਦੀ ਕਥਿਤ ਕੋਸ਼ਿਸ਼ ਲਈ ਉਸ ਖ਼ਿਲਾਫ਼ ਇਥੇ ਕੇਸ ਦਰਜ ਹੋਇਆ ਹੈ। ਜ਼ੁਬੈਰ ਵਧੀਕ ਚੀਫ਼ ਜੁਡੀਸ਼ਲ ਮੈਜਿਸਟਰੇਟ ਦੀ ਅਦਾਲਤ ’ਚ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਹੋਇਆ। ਇਸਤਗਾਸਾ ਧਿਰ ਨੇ ਉਸ ਦੀ ਪੁਲੀਸ ਹਿਰਾਸਤ ਮੰਗੀ ਸੀ ਜਿਸ ਦਾ ਜ਼ੁਬੈਰ ਦੇ ਵਕੀਲ ਨੇ ਵਿਰੋਧ ਕੀਤਾ। ਬਾਅਦ ’ਚ ਅਦਾਲਤ ਨੇ ਜ਼ੁਬੈਰ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ। ਪੁਲੀਸ ਹਿਰਾਸਤ ’ਚ ਲੈਣ ਦੀ ਅਰਜ਼ੀ ’ਤੇ ਅਗਲੀ ਸੁਣਵਾਈ 13 ਜੁਲਾਈ ਨੂੰ ਹੋਵੇਗੀ। ਲਖੀਮਪੁਰ ਖੀਰੀ ਪੁਲੀਸ ਨੇ ਜ਼ੁਬੈਰ ਨੂੰ 2021 ’ਚ ਦਰਜ ਹੋਈ ਐੱਫਆਈਆਰ ਦੇ ਮਾਮਲੇ ’ਚ ਅਦਾਲਤ ’ਚ ਪੇਸ਼ ਹੋਣ ਦੇ ਵਾਰੰਟ ਜਾਰੀ ਕੀਤੇ ਸਨ। ਮੁਹੰਮਦੀ ਪੁਲੀਸ ਸਟੇਸ਼ਨ ਦੇ ਇੰਚਾਰਜ ਅੰਬਰ ਸਿੰਘ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ ਜ਼ੁਬੈਰ ਖ਼ਿਲਾਫ਼ ਇਕ ਪ੍ਰਾਈਵੇਟ ਨਿਊਜ਼ ਚੈਨਲ ਦੇ ਰਿਪੋਰਟਰ ਆਸ਼ੀਸ਼ ਕਟਿਆਰ ਦੀ ਸ਼ਿਕਾਇਤ ’ਤੇ ਪਿਛਲੇ ਸਾਲ 25 ਨਵੰਬਰ ਨੂੰ ਕੇਸ਼ ਦਰਜ ਕੀਤਾ ਗਿਆ ਸੀ। ਕਟਿਆਰ ਨੇ ਦੋਸ਼ ਲਾਇਆ ਸੀ ਕਿ ਜ਼ੁਬੈਰ ਚੈਨਲ ਬਾਰੇ ਆਪਣੇ ਟਵੀਟਾਂ ਰਾਹੀਂ ਲੋਕਾਂ ਨੂੰ ਗੁਮਰਾਹ ਕਰ ਰਿਹਾ ਹੈ। -ਪੀਟੀਆਈ