ਲਖਨਊ, 17 ਜੁਲਾਈ
ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਅੱਜ ਉਨ੍ਹਾਂ ਦੋ ਔਰਤਾਂ ਨਾਲ ਮੁਲਾਕਾਤ ਕੀਤੀ ਜਿਨ੍ਹਾਂ ਨਾਲ ਭਾਜਪਾ ਵਰਕਰਾਂ ਨੇ ਕਥਿਤ ਤੌਰ ’ਤੇ ਮਾੜਾ ਵਿਵਹਾਰ ਕੀਤਾ ਸੀ। ਉਨ੍ਹਾਂ ਮੰਗ ਕੀਤੀ ਕਿ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਲਖੀਮਪੁਰ ਖੀਰੀ ਵਿਚ ਹਾਲ ਹੀ ’ਚ ਹੋਈ ਜ਼ਿਲ੍ਹਾ ਪੰਚਾਇਤ ਦੀ ਚੋਣ ਰੱਦ ਕੀਤੀ ਜਾਵੇ ਅਤੇ ਇੱਥੇ ਦੁਬਾਰਾ ਚੋਣਾਂ ਕਰਵਾਈਆਂ ਜਾਣ। ਅਗਲੇ ਸਾਲ ਹੋਣ ਵਾਲੀਆਂ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪ੍ਰਿਯੰਕਾ ਗਾਂਧੀ ਸੂਬੇ ਦੀ ਰਾਜਧਾਨੀ ਲਖਨਊ ਦੇ ਦੋ ਦਿਨਾ ਦੌਰੇ ’ਤੇ ਹੈ।
ਜ਼ਿਕਰਯੋਗ ਹੈ ਕਿ 9 ਜੁਲਾਈ ਨੂੰ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਦੋਸ਼ ਲਗਾਇਆ ਸੀ ਕਿ ਭਾਜਪਾ ਵਰਕਰਾਂ ਨੇ ਉਨ੍ਹਾਂ ਦੀ ਪਾਰਟੀ ਦੀ ਉਮੀਦਵਾਰ ਰਿਤੂ ਸਿੰਘ ਅਤੇ ਉਸ ਦੀ ਪ੍ਰਸਤਾਵਕ ਅਨੀਤਾ ਯਾਦਵ ਨਾਲ ਮਾੜਾ ਵਿਵਹਾਰ ਕੀਤਾ। ਉਨ੍ਹਾਂ ਭਗਵਾਂ ਪਾਰਟੀ ਦੇ ਵਰਕਰਾਂ ’ਤੇ ਰਿਤੂ ਤੇ ਅਨੀਤਾ ਦੀਆਂ ਸਾੜੀਆਂ ਖਿੱਚਣ ਦੇ ਦੋਸ਼ ਵੀ ਲਗਾਏ ਸਨ।
ਪ੍ਰਿਯੰਕਾ ਗਾਂਧੀ ਨੇ ਲਖੀਮਪੁਰ ਖੀਰੀ ਜ਼ਿਲ੍ਹੇ ਦੇ ਬਲਾਕ ਪਥਗਾਵਾ ਦੇ ਪਿੰਡ ਸੇਮਰਾ ਵਿਚ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, ‘‘ਮੈਂ ਦੋਹਾਂ ਨੂੰ ਮਿਲਣ ਆਈ ਹਾਂ ਕਿਉਂ ਕਿ ਉਹ ਔਰਤਾਂ ਹਨ। ਉਹ ਮੇਰੀਆਂ ਭੈਣਾਂ ਹਨ ਅਤੇ ਮੈਂ ਉਨ੍ਹਾਂ ਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਭਾਰਤ ਦੀ ਹਰੇਕ ਔਰਤ ਉਨ੍ਹਾਂ ਦੇ ਨਾਲ ਖੜ੍ਹੀ ਹੈ। ਮੈਂ ਦੋਹਾਂ ਨੂੰ ਬਿਲਕੁਲ ਨਾ ਡਰਨ ਅਤੇ ਹੌਸਲਾ ਰੱਖਣ ਲਈ ਕਿਹਾ ਹੈ।’’ ਕਾਂਗਰਸੀ ਆਗੂ ਨੇ ਕਿਹਾ, ‘‘ਮੈਂ ਉਨ੍ਹਾਂ ਨੂੰ ਕਿਹਾ ਹੈ ਕਿ ਇਕ ਦਿਨ ਤੁਸੀਂ ਨਾਮਜ਼ਦਗੀ ਦੇ ਕਾਗ਼ਜ਼ ਦਾਖ਼ਲ ਕਰਨਗੀਆਂ ਅਤੇ ਚੋਣਾਂ ਵਿਚ ਜਿੱਤਣਗੀਆਂ ਵੀ। ਤੁਹਾਨੂੰ ਲੜਨਾ ਜ਼ਰੂਰ ਚਾਹੀਦਾ ਹੈ। ਅਸੀਂ ਸਾਰੇ ਤੁਹਾਡੇ ਲਈ ਲੜਾਂਗੇ।’’ ਇਸ ਮੌਕੇ ਉੱਤਰ ਪ੍ਰਦੇਸ਼ ਕਾਂਗਰਸ ਦੇ ਮੁਖੀ ਅਜੈ ਕੁਮਾਰ ਲੱਲੂ ਵੀ ਹਾਜ਼ਰ ਸਨ।
ਕਾਂਗਰਸ ਦੀ ਜਨਰਲ ਸਕੱਤਰ ਨੇ ਅੱਗੇ ਕਿਹਾ, ‘‘ਇਹ ਲੜਾਈ ਲੋਕਤੰਤਰ ਲਈ ਹੈ। ਸਾਡੇ ਲੋਕਤੰਤਰ ਵਿਚ ਔਰਤਾਂ ਨੂੰ ਰਾਖਵਾਂਕਰਨ ਦਿੱਤਾ ਗਿਆ ਸੀ ਤਾਂ ਜੋ ਉਨ੍ਹਾਂ ਦੇ ਅਧਿਕਾਰ ਕਾਇਮ ਰਹਿ ਸਕਣ। ਅਤੇ ਹੁਣ ਹਾਲਾਤ ਇਹ ਬਣ ਗਏ ਹਨ ਕਿ ਇਕ ਔਰਤ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਜਾਂਦੀ ਹੈ ਅਤੇ ਉਸ ਨਾਲ ਕੁੱਟਮਾਰ ਕੀਤੀ ਜਾਂਦੀ ਹੈ। ਇਹ ਲੋਕਤੰਤਰ ਨਹੀਂ ਹੈ। ਮੈਂ ਮੰਗ ਕਰਦੀ ਹਾਂ ਕਿ ਇਹ ਚੋਣ ਰੱਦ ਹੋਣੀ ਚਾਹੀਦੀ ਹੈ ਅਤੇ ਜਿੱਥੇ ਕਿਤੇ ਵੀ ਅਜਿਹੀਆਂ ਘਟਨਾਵਾਂ ਵਾਪਰੀਆਂ ਹਨ ਉੱਥੇ ਵੀ ਚੋਣਾਂ ਰੱਦ ਹੋਣੀਆਂ ਚਾਹੀਦੀਆਂ ਹਨ ਅਤੇ ਦੁਬਾਰਾ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ।’’ ਉਨ੍ਹਾਂ ਕਿਹਾ ਕਿ ਅਜਿਹੀਆਂ ਕਾਰਵਾਈਆਂ ਲਈ ਜ਼ਿੰਮੇਵਾਰ ਸਾਰੇ ਵਿਅਕਤੀਆਂ ਨੂੰ ਜਵਾਬਦੇਹ ਬਣਾਉਣਾ ਚਾਹੀਦਾ ਹੈ।
ਇਸੇ ਦੌਰਾਨ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਉਹ ਅਗਲੇ ਸਾਲ ਹੋਣ ਵਾਲੀਆਂ ਯੂਪੀ ਵਿਧਾਨ ਸਭਾ ਚੋਣਾਂ ਵਿਚ ਮੁੱਖ ਮੰਤਰੀ ਦੇ ਅਹੁਦੇ ਲਈ ਪਾਰਟੀ ਦਾ ਚਿਹਰਾ ਹੋਵੇਗੀ, ਤਾਂ ਪ੍ਰਿਯੰਕਾ ਨੇ ਇਸ ਸਵਾਲ ਤੋਂ ਪਾਸਾ ਵੱਟਦਿਆਂ ਕਿਹਾ, ‘‘ਕੀ ਤੁਹਾਨੂੰ ਹਰ ਗੱਲ ਹੁਣੇ ਦੱਸਣੀ ਜ਼ਰੂਰੀ ਹੈ।’’ ਇਹ ਪੁੱਛੇ ਜਾਣ ’ਤੇ ਕਿ ਉਨ੍ਹਾਂ ਦੀ ਪਾਰਟੀ ਦੀ ਰਣਨੀਤੀ ਕੀ ਹੋਵੇਗੀ, ਬਾਰੇ ਕਾਂਗਰਸੀ ਆਗੂ ਨੇ ਕਿਹਾ, ‘‘ਜਿੱਥੇ ਕਿਤੇ ਸਮੱਸਿਆ ਜਾਂ ਤਕਲੀਫ਼ ਹੋਵੇਗੀ, ਉੱਥੇ ਉਹ ਪਹੁੰਚਣਗੇ ਅਤੇ ਲੋਕਾਂ ਨਾਲ ਖੜ੍ਹਨਗੇ।’’ -ਪੀਟੀਆਈ
ਉੱਤਰ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਲੱਲੂ ਤੇ ਹੋਰਨਾਂ ਖ਼ਿਲਾਫ਼ ਕੇਸ ਦਰਜ
ਲਖਨਊ: ਇੱਥੇ ਕੱਲ੍ਹ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਦੇ ਨਾਲ ਮਹਾਤਮਾ ਗਾਂਧੀ ਦੇ ਬੁੱਤ ਸਾਹਮਣੇ ਮੌਨ ਵਰਤ ’ਤੇ ਬੈਠਣ ਦੇ ਸਬੰਧ ਵਿਚ ਉੱਤਰ ਪ੍ਰਦੇਸ਼ ਕਾਂਗਰਸ ਦੇ ਮੁਖੀ ਅਜੈ ਕੁਮਾਰ ਲੱਲੂ ਸਣੇ ਤਿੰਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਹ ਜਾਣਕਾਰੀ ਅੱਜ ਪੁਲੀਸ ਨੇ ਦਿੱਤੀ। ਲਖਨਊ ਦੇ ਪੁਲੀਸ ਕਮਿਸ਼ਨਰ ਡੀ.ਕੇ. ਠਾਕੁਰ ਨੇ ਕਿਹਾ ਕਿ ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਉਣ, ਬਿਨਾ ਇਜਾਜ਼ਤ ਤੇ ਬਿਨਾ ਕੋਈ ਅਗਾਊਂ ਸੂਚਨਾ ਦੇ ਧਰਨੇ ’ਤੇ ਬੈਠਣ ਦੇ ਦੋਸ਼ ਹੇਠ ਇਹ ਕੇਸ ਦਰਜ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਦੋ ਦਿਨਾ ਦੌਰੇ ’ਤੇ ਲਖਨਊ ਪਹੁੰਚੀ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਪਾਰਟੀ ਦੇ ਹੋਰ ਮੈਂਬਰਾਂ ਸਣੇ ਜੀਪੀਓ ਪਾਰਕ ਵਿਚ ਲੱਗੇ ਮਹਾਤਮਾ ਗਾਂਧੀ ਦੇ ਬੁੱਤ ਅੱਗੇ ਬੈਠ ਕੇ ਪ੍ਰਦਰਸ਼ਨ ਕੀਤਾ ਸੀ। ਪੁਲੀਸ ਦਾ ਕਹਿਣਾ ਹੈ ਕਿ ਪ੍ਰਦਰਸ਼ਨ ਦੌਰਾਨ ਕਾਂਗਰਸੀ ਵਰਕਰਾਂ ਨੇ ਜੀਪੀਓ ਪਾਰਕ ਵਿਚ ਲੱਗਾ ਇਕ ਲੋਹੇ ਦੇ ਜਾਲ਼ ਵਾਲੇ ਢਾਂਚੇ ਦਾ ਨੁਕਸਾਨ ਕੀਤਾ ਅਤੇ ਮਹਾਮਾਰੀ ਐਕਟ ਦੀ ਉਲੰਘਣਾ ਕੀਤੀ ਸੀ। ਸ੍ਰੀ ਠਾਕੁਰ ਨੇ ਪੀਟੀਆਈ ਨਾਲ ਗੱਲਬਾਤ ਦੌਰਾਨ ਕਿਹਾ, ‘‘ਇਹ ਕੇਸ ਉੱਤਰ ਪ੍ਰਦੇਸ਼ ਕਾਂਗਰਸ ਦੇ ਮੁਖੀ ਅਜੈ ਕੁਮਾਰ ਲੱਲੂ, ਕਾਂਗਰਸੀ ਆਗੂ ਵੈਦ ਪ੍ਰਕਾਸ਼ ਤ੍ਰਿਪਾਠੀ ਅਤੇ ਦਿਲਜੀਤ ਸਿੰਘ ਤੋਂ ਇਲਾਵਾ 500-600 ਹੋਰ ਪਾਰਟੀ ਵਰਕਰਾਂ ਖ਼ਿਲਾਫ਼ ਦਰਜ ਕੀਤਾ ਗਿਆ ਹੈ। ਕੇਸ ਵਿਚ ਪ੍ਰਿਯੰਕਾ ਗਾਂਧੀ ਨੂੰ ਨਾਮਜ਼ਦ ਨਹੀਂ ਕੀਤਾ ਗਿਆ ਹੈ।’’ -ਪੀਟੀਆਈ