ਲਖੀਮਪੁਰ ਖੀਰੀ, 14 ਅਕਤੂਬਰ
ਮੁੱਖ ਅੰਸ਼
- ਕਿਸਾਨਾਂ ਨੂੰ ਕਾਰ ਹੇਠਾਂ ਦਰੜਨ ਜਿਹੀਆਂ ਘਟਨਾਵਾਂ ਦੀ ਲੜੀ ਨੂੰ ਜੋੜ ਕੇ ਦੇਖਿਆ
- ਤਿੰਨ ਐੱਸਯੂਵੀ ਅਤੇ ਪੁਤਲਿਆਂ ਰਾਹੀਂ ਘਟਨਾਵਾਂ ਨੂੰ ਤਾਜ਼ਾ ਕੀਤਾ
ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ’ਚ ਵਾਪਰੇ ਕਾਂਡ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਸਿਟ) ਨੇ ਵੀਰਵਾਰ ਨੂੰ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ ਅਤੇ ਤਿੰਨ ਹੋਰ ਮੁਲਜ਼ਮਾਂ ਨੂੰ ਲੈ ਕੇ ਮੌਕੇ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਕਾਰ ਰਾਹੀਂ ਕਿਸਾਨਾਂ ਨੂੰ ਪਿੱਛੇ ਤੋਂ ਦਰੜਨ ਜਿਹੀਆਂ ਘਟਨਾਵਾਂ ਦੀ ਲੜੀ ਨੂੰ ਜੋੜ ਕੇ ਦੇਖਿਆ। ਪੁਲੀਸ ਨੇ ਕਿਹਾ ਕਿ ਸਖ਼ਤ ਸੁਰੱਖਿਆ ਹੇਠ ਮੁਲਜ਼ਮਾਂ ਨੂੰ ਤਿਕੋਨੀਆ-ਬਨਬੀਰਪੁਰ ਰੋਡ ’ਤੇ ਘਟਨਾ ਵਾਲੀ ਥਾਂ ’ਤੇ ਲਿਜਾਇਆ ਗਿਆ। ਹਿੰਸਾ ਕਾਂਡ ਦੀ ਲੜੀ ਜੋੜਨ ਲਈ ਕਾਰਾਂ ਨੂੰ ਤੇਜ਼ ਰਫ਼ਤਾਰ ਨਾਲ ਭਜਾਇਆ ਗਿਆ। ਮੁਲਜ਼ਮਾਂ ਤੋਂ ਉਨ੍ਹਾਂ ਦੇ ਘਟਨਾ ਵਾਲੀ ਥਾਂ ’ਤੇ ਮੌਜੂਦਗੀ ਬਾਰੇ ਸਵਾਲ ਪੁੱਛੇ ਗਏ। ਸਿਟ ਨੇ ਤਿੰਨ ਐੱਸਯੂਵੀ ਅਤੇ ਪੁਤਲਿਆਂ ਦਾ ਪ੍ਰਬੰਧ ਕੀਤਾ ਸੀ ਤਾਂ ਜੋ ਉਹ ਕਿਸਾਨਾਂ ਨੂੰ ਕਾਰ ਹੇਠਾਂ ਦਰੜਨ ਵਾਲੇ ਦ੍ਰਿਸ਼ ਦੀ ਲੜੀ ਨੂੰ ਜੋੜ ਸਕਣ। ਜਾਂਚ ਅਧਿਕਾਰੀਆਂ ਨੇ ਚਾਰੋਂ ਮੁਲਜ਼ਮਾਂ ਦੇ ਬਿਆਨਾਂ ਦਾ ਮਿਲਾਨ ਵੀ ਕੀਤਾ। ਇਸ ਮੌਕੇ ਫੋਰੈਂਸਿਕ ਸਾਇੰਸ ਲੈਬਾਰਟਰੀ, ਲਖਨਊ ਦੀ ਟੀਮ ਵੀ ਹਾਜ਼ਰ ਸੀ। ਲੋਕਾਂ ਨੂੰ ਇਲਾਕੇ ਤੋਂ ਦੂਰ ਰੱਖਣ ਲਈ ਰੈਪਿਡ ਐਕਸ਼ਨ ਫੋਰਸ ਅਤੇ ਪੀਏਸੀ ਨੂੰ ਤਾਇਨਾਤ ਕੀਤਾ ਗਿਆ ਸੀ। ਤਿੰਨ ਅਕਤੂਬਰ ਨੂੰ ਭਾਜਪਾ ਆਗੂਆਂ ਦੇ ਵਾਹਨ ਨੇ ਚਾਰ ਕਿਸਾਨਾਂ ਨੂੰ ਦਰੜ ਦਿੱਤਾ ਸੀ ਅਤੇ ਫਿਰ ਹੋਈ ਹਿੰਸਾ ’ਚ ਇਕ ਪੱਤਰਕਾਰ ਸਮੇਤ ਅੱਠ ਵਿਅਕਤੀ ਮਾਰੇ ਗਏ ਸਨ। ਇਸ ਤੋਂ ਪਹਿਲਾਂ ਜਾਂਚ ਟੀਮ ਸਵੇਰੇ ਜ਼ਿਲ੍ਹਾ ਜੇਲ੍ਹ ਪਹੁੰਚੀ ਅਤੇ ਉਥੋਂ ਅੰਕਿਤ ਦਾਸ, ਲਤੀਫ਼ ਅਤੇ ਸ਼ੇਖਰ ਭਾਰਤੀ ਨੂੰ ਪੁਲੀਸ ਹਿਰਾਸਤ ’ਚ ਲਿਆ। ਤਿੰਨਾਂ ਨੂੰ ਰਿਜ਼ਰਵ ਪੁਲੀਸ ਲਾਈਨਜ਼ ’ਚ ਅਪਰਾਧ ਸ਼ਾਖਾ ਦੇ ਦਫ਼ਤਰ ਲਿਜਾਇਆ ਗਿਆ ਜਿਥੇ ਮੁੱਖ ਮੁਲਜ਼ਮ ਆਸ਼ੀਸ਼ ਮਿਸ਼ਰਾ ਬੰਦ ਹੈ। ਆਸ਼ੀਸ਼ ਮਿਸ਼ਰਾ ਨੂੰ 12 ਘੰਟੇ ਦੀ ਪੁੱਛ-ਪੜਤਾਲ ਮਗਰੋਂ 9 ਅਕਤੂਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਅਦਾਲਤ ਨੇ ਉਸ ਨੂੰ 12 ਤੋਂ 15 ਅਕਤੂਬਰ ਤੱਕ ਪੁਲੀਸ ਹਿਰਾਸਤ ’ਚ ਭੇਜ ਦਿੱਤਾ ਸੀ। ਇਕ ਹੋਰ ਮੁਲਜ਼ਮ ਸ਼ੇਖਰ ਭਾਰਤੀ ਨੂੰ 12 ਅਤੇ ਅੰਕਿਤ ਦਾਸ ਤੇ ਲਤੀਫ਼ ਨੂੰ 13 ਅਕਤੂਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਦਾਸ, ਲਤੀਫ਼ ਅਤੇ ਭਾਰਤੀ 14 ਤੋਂ 17 ਅਕਤੂਬਰ ਤੱਕ ਪੁਲੀਸ ਦੀ ਹਿਰਾਸਤ ’ਚ ਹਨ। -ਪੀਟੀਆਈ