ਲਖੀਮਪੁਰ ਖੀਰੀ: ਯੂਪੀ ਦੇ ਲਖੀਮਪੁਰ ਖੀਰੀ ਦੀ ਅਦਾਲਤ ਨੇ ਪਿਛਲੇ ਸਾਲ ਨਵੰਬਰ ਵਿਚ ਦਰਜ ਇਕ ਕੇਸ ’ਚ ਆਲਟ ਨਿਊਜ਼ ਦੇ ਸਹਿ-ਸੰਸਥਾਪਕ ਮੁਹੰਮਦ ਜ਼ੁਬੈਰ ਨੂੰ 11 ਜੁਲਾਈ ਨੂੰ ਤਲਬ ਕੀਤਾ ਹੈ। ਇਸ ਕੇਸ ਵਿਚ ਦੁਸ਼ਮਣੀ ਪੈਦਾ ਕਰਨ ਦੇ ਦੋਸ਼ ਲਾਏ ਗਏ ਸਨ। ਸ਼ੁੱਕਰਵਾਰ ਜ਼ੁਬੈਰ ਨੂੰ ਸੁਪਰੀਮ ਕੋਰਟ ਤੋਂ ਅੰਤ੍ਰਿਮ ਜ਼ਮਾਨਤ ਮਿਲਣ ਤੋਂ ਥੋੜ੍ਹੀ ਦੇਰ ਬਾਅਦ ਹੀ ਲਖੀਮਪੁਰ ਦੀ ਅਦਾਲਤ ਨੇ ਉਨ੍ਹਾਂ ਨੂੰ ਵਾਰੰਟ ਜਾਰੀ ਕਰ ਦਿੱਤੇ ਹਨ। ਮੁਹੰਮਦ ਜ਼ੁਬੈਰ ਨੂੰ ਸੀਤਾਪੁਰ ਵਿਚ ਦਰਜ ਕੇਸ ਦੇ ਮਾਮਲੇ ’ਚ ਜ਼ਮਾਨਤ ਮਿਲੀ ਸੀ। ਉਨ੍ਹਾਂ ’ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਾਇਆ ਗਿਆ ਸੀ। ਜ਼ੁਬੈਰ ਨੂੰ ਸੁਪਰੀਮ ਕੋਰਟ ਨੇ ਪੰਜ ਦਿਨਾਂ ਲਈ ਅੰਤ੍ਰਿਮ ਰਾਹਤ ਦਿੱਤੀ ਸੀ ਪਰ ਇਕ ਹੋਰ ਕੇਸ ਵਿਚ ਉਹ ਹਾਲੇ ਹਿਰਾਸਤ ’ਚ ਹੀ ਰਹਿਣਗੇ। ਮੁਹੰਮਦੀ ਥਾਣੇ ਦੇ ਇੰਚਾਰਜ ਅੰਬਰ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਨਵੰਬਰ ਵਿਚ ਇਕ ਪ੍ਰਾਈਵੇਟ ਖ਼ਬਰ ਚੈਨਲ ਦੇ ਰਿਪੋਰਟਰ ਨੇ ਜ਼ੁਬੈਰ ਖ਼ਿਲਾਫ਼ ਕੇਸ ਦਰਜ ਕਰਾਇਆ ਸੀ। -ਪੀਟੀਆਈ