ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 1 ਅਪਰੈਲ
ਦਿੱਲੀ ਦੀਆਂ ਹੱਦਾਂ ’ਤੇ ਕਿਸਾਨਾਂ ਦੀ ਅਗਵਾਈ ਕਰ ਰਹੇ ਸੰਯੁਕਤ ਕਿਸਾਨ ਮੋਰਚੇ ਤੇ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਨੇ ਲੱਖਾ ਸਿਧਾਣਾ ਤੇ ਸਾਥੀਆਂ ਨੂੰ ਕਿਸਾਨ ਅੰਦੋਲਨ ਵਿੱਚ ਵਾਪਸ ਲੈਣ ਦਾ ਫ਼ੈਸਲਾ ਕੀਤਾ ਹੈ। ਲੱਖਾ ਸਿਧਾਣਾ ਤੇ ਸਾਥੀਆਂ ਨੂੰ ਮੋਰਚੇ ਨਾਲ ਜੋੜਨ ਲਈ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵਿੱਚੋਂ ਕਈ ਆਗੂ, ਗਾਇਕ ਤੇ ਚਿੰਤਕ ਬੀਤੇ ਦਿਨਾਂ ਤੋਂ ਪਰਦੇ ਪਿੱਛੇ ਸਰਗਰਮ ਸਨ। ਸੰਯੁਕਤ ਕਿਸਾਨ ਮੋਰਚੇ ਦੀ ਕਮੇਟੀ ਦੇ ਮੈਂਬਰ ਡਾ. ਦਰਸ਼ਨ ਪਾਲ ਨੇ ਕਿਹਾ ਕਿ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਤੇ ਮੋਰਚੇ ਵੱਲੋਂ ਸਿਧਾਣਾ ਨਾਲ ਜੁੜੇ ਨੌਜਵਾਨਾਂ ਨੂੰ ਨਾਲ ਲੈ ਕੇ ਅੱਗੇ ਵਧਿਆ ਜਾਵੇਗਾ। ਉਨ੍ਹਾਂ ਕਿਹਾ ਕਿ ਉਸ ਦੇ ਸਾਥੀਆਂ ਵੱਲੋਂ ਪਿਛਲੇ ਸਮੇਂ ਦੀਆਂ ਕਮੀਆਂ ਦੂਰ ਕਰਕੇ ਮੋਰਚੇ ਦੀ ਅਗਵਾਈ ਹੇਠ ਚੱਲਣ ਦਾ ਭਰੋਸਾ ਦਿੱਤਾ ਗਿਆ ਹੈ ਤੇ ਕਈ ਗਾਇਕਾਂ, ਚਿੰਤਕਾਂ ਤੇ ਕਿਸਾਨ ਆਗੂਆਂ ਦਰਮਿਆਨ ਇਸ ਮੁੱਦੇ ਉਪਰ ਚਰਚਾ ਚੱਲ ਰਹੀ ਸੀ। ਕਿਸਾਨ ਆਗੂ ਨੇ ਜਥੇਬੰਦੀਆਂ, ਸਿੱਖ ਚਿੰਤਕਾਂ, ਖਿਡਾਰੀ ਵਰਗ, ਕਲਾਕਾਰ ਭਾਈਚਾਰੇ ਦਾ ਧੰਨਵਾਦ ਕੀਤਾ ਜਿਨ੍ਹਾਂ ਕਿਸਾਨੀ ਸੰਘਰਸ਼ ਨੂੰ ਹੋਰ ਮਜ਼ਬੂਤ ਕਰਨ ਲਈ ਇਸ ਮੁੱਦੇ ਨੂੰ ਹੱਲ ਕੀਤਾ। ਡਾ. ਦਰਸ਼ਨ ਪਾਲ ਨੇ ਦੱਸਿਆ ਕਿ ਮੇਧਾ ਪਾਟੇਕਰ ਦੀ ਅਗਵਾਈ ਹੇਠ ਕੱਢੀ ਜਾ ਰਹੀ ‘ਮਿੱਟੀ ਸੱਤਿਆਗ੍ਰਹਿ ਯਾਤਰਾ’ 3 ਅਪਰੈਲ ਨੂੰ ਪੰਜਾਬ ਵਿੱਚ ਦਾਖ਼ਲ ਹੋਵੇਗੀ। ਪੰਜਾਬ ’ਚ ਦਾਖ਼ਲੇ ਮਗਰੋਂ ਯਾਤਰਾ ਦਾ ਪੜਾਅ ਮਾਨਸਾ ’ਚ ਹੋਵੇਗਾ। 4 ਅਪਰੈਲ ਨੂੰ ਸ਼ਹੀਦ ਊਧਮ ਸਿੰਘ ਦੀ ਧਰਤੀ ਸੁਨਾਮ ’ਚ ਇਹ ਯਾਤਰਾ ਪਹੁੰਚੇਗੀ। ਸ਼ਹੀਦਾਂ ਦੀ ਧਰਤੀ ਤੋਂ ਮਿੱਟੀ ਇਕੱਠੀ ਕਰਕੇ 5 ਅਪਰੈਲ ਨੂੰ ਹਰਿਆਣਾ ਦੇ ਵੱਖ ਵੱਖ ਇਲਾਕਿਆਂ ਤੋਂ ਹੁੰਦੀ ਹੋਈ ਇਹ ਯਾਤਰਾ 6 ਅਪਰੈਲ ਨੂੰ ਟਿਕਰੀ ਤੇ ਸਿੰਘੂ ਕਿਸਾਨ-ਮੋਰਚਿਆਂ ’ਤੇ ਮੁਕੰਮਲ ਹੋਵੇਗੀ। 12 ਮਾਰਚ ਤੋਂ ਸ਼ੁਰੂ ਹੋਈ ਇਹ ਯਾਤਰਾ ਪਿੰਡਾਂ ’ਚ ਜਾਗਰੂਕਤਾ ਫੈਲਾਉਣ ਦੇ ਮਕਸਦ ਨਾਲ 6 ਅਪਰੈਲ ਤੱਕ ਕੀਤੀ ਜਾ ਰਹੀ ਹੈ। ਯਾਤਰਾ ਦੌਰਾਨ ਹੁਣ ਤੱਕ 16 ਰਾਜਾਂ ਦੇ ਇਤਿਹਾਸਕ ਸਥਾਨਾਂ ਤੋਂ ਮਿੱਟੀ ਇਕੱਠੀ ਕੀਤੀ ਜਾ ਚੁੱਕੀ ਹੈ। ਇਕੱਠੀ ਕੀਤੀ ਮਿੱਟੀ ਤੋਂ ਦਿੱਲੀ ਦੇ ਕਿਸਾਨ-ਮੋਰਚਿਆਂ ’ਚ ਸ਼ਹੀਦੀ ਯਾਦਗਾਰ ਬਣਾਈ ਜਾਵੇਗੀ।
ਕਿਸਾਨ ਸੰਘਰਸ਼ ਦੀ ਹਮਾਇਤ ਕਰਨ ਲੋਕ ਨੁਮਾਇੰਦੇ: ਦਰਸ਼ਨ ਪਾਲ
ਡਾ. ਦਰਸ਼ਨ ਪਾਲ ਨੇ ਕਿਹਾ, ‘ਅਸੀਂ ਭਾਜਪਾ ਤੇ ਇਸ ਦੀਆਂ ਸਹਿਯੋਗੀ ਪਾਰਟੀਆਂ ਦੇ ਸੰਸਦ ਮੈਂਬਰਾਂ ਤੇ ਹੋਰ ਚੁਣੇ ਹੋਏ ਨੁਮਾਇੰਦਿਆਂ ਨੂੰ ਕਿਸਾਨੀ ਅੰਦੋਲਨ ਦੀ ਹਮਾਇਤ ਕਰਨ ਦੀ ਬੇਨਤੀ ਕਰਦੇ ਹਾਂ।’ ਸੰਯੁਕਤ ਕਿਸਾਨ ਮੋਰਚਾ ਨੇ ਇਨ੍ਹਾਂ ਆਗੂਆਂ ਨੂੰ ਅਪੀਲ ਕੀਤੀ ਹੈ ਕਿ ਉਹ ਅਸਤੀਫੇ ਤੋਂ ਲੈ ਕੇ ਕਿਸੇ ਵੀ ਤਰ੍ਹਾਂ ਕਿਸਾਨੀ ਅੰਦੋਲਨ ਦਾ ਸਮਰਥਨ ਕਰ ਸਕਦੇ ਹਨ। ਆਗੂਆਂ ਨੇ ਕਿਸਾਨਾਂ ਤੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਹ ਅੰਦੋਲਨ ਅੰਨ ਪੈਦਾ ਕਰਨ ਵਾਲੇ ਤੇ ਅੰਨ ਖਾਣ ਵਾਲੇ ਦੋਵਾਂ ਦੇ ਭਵਿੱਖ ਲਈ ਹੈ। ਇਸ ਲਈ ਇਸ ਰੋਸ ਪ੍ਰਦਰਸ਼ਨ ਵਿੱਚ ਵੱਡੀ ਗਿਣਤੀ ’ਚ ਹਿੱਸਾ ਲਓ।