ਬੰਗਲੌਰ, 13 ਅਗਸਤ
ਉੱਘੇ ਸਿਆਸਤਦਾਨ ਤੇ ਸਾਬਕਾ ਵਿਦੇਸ਼ ਮੰਤਰੀ ਐੱਸ.ਐੱਮ.ਕ੍ਰਿਸ਼ਨਾ ਨੇ ਕਿਹਾ ਕਿ ਦੇਸ਼ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਵਿੱਚ ਅੰਦਰੂਨੀ ਤੌਰ ’ਤੇ ਜਮਹੂਰੀਅਤ ਦੀ ਘਾਟ ਹੈ। ਉਨ੍ਹਾਂ ਕਿਹਾ ਕਿ ਸਿਆਸੀ ਪਾਰਟੀਆਂ ਨੂੰ ਸੱਤਾ ਵਿੱਚ ਬੈਠੀ ਲੀਡਰਸ਼ਿਪ ਦੀ ਨੁਕਤਾਚੀਨੀ ਕਰਨ ਦੇ ਖ਼ੌਫ਼ ਨੂੰ ਛੱਡਣਾ ਹੋਵੇਗਾ। ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਕ੍ਰਿਸ਼ਨਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਦੇ ਕੰਮ ਕਰਨ ਦੇ ਢੰਗ ਤਰੀਕੇ ਤੋਂ ਕਾਫ਼ੀ ਖ਼ੁਸ਼ ਹਨ ਪਰ ਉਨ੍ਹਾਂ ਦਾ ਮੰਨਣਾ ਹੈ ਕਿ ਕਾਂਗਰਸ ਅਜੇ ਵੀ ਟੱਕਰ ਦੇਣ ਦੇ ਸਮਰੱਥ ਹੈ ਤੇ ਜੇ.ਪੀ.ਨੱਡਾ ਦੀ ਅਗਵਾਈ ਵਾਲੀ ਪਾਰਟੀ ਨੂੰ ਚੋਣਾਂ ਵਿੱਚ ਪ੍ਰਮੁੱਖ ਚੁਣੌਤੀ ਦੇ ਸਕਦੀ ਹੈ। ਕਾਂਗਰਸ ਨਾਲ 45 ਸਾਲ ਪੁਰਾਣਾ ਸਾਥ ਛੱਡ ਕੇ ਸਾਲ 2017 ਵਿੱਚ ਭਾਜਪਾ ’ਚ ਸ਼ਾਮਲ ਹੋਣ ਵਾਲੇ ਕ੍ਰਿਸ਼ਨਾ ਨੇ ਕਿਹਾ ਕਿ ਭਾਜਪਾ ਸਾਲ 2024 ਦੀਆਂ ਸੰਸਦੀ ਚੋਣਾਂ ਵਿੱਚ ਮੁੜ ਸੱਤਾ ਵਿੱਚ ਵਾਪਸੀ ਕਰੇਗੀ ਤੇ ਮੋਦੀ ਇਕ ਵਾਰ ਫਿਰ ਪ੍ਰਧਾਨ ਮੰਤਰੀ ਬਣਨਗੇ। ਇਸ ਖ਼ਬਰ ਏਜੰਸੀ ਨੂੰ ਦਿੱਤੀ ਇੰਟਰਵਿਊ ਦੌਰਾਨ ਕ੍ਰਿਸ਼ਨਾ ਨੇ ਸਿਆਸੀ ਪਾਰਟੀਆਂ ਨੂੰ ਇਕ ਅਜਿਹਾ ਪ੍ਰਬੰਧ ਵਿਕਸਤ ਕਰਨ ਦੀ ਲੋੜ ਹੈ, ਜਿਸ ਵਿੱਚ ਅੰਦਰੋਂ ਜਮਹੂਰੀਅਤ ਦੀ ਝਲਕ ਨਜ਼ਰ ਆਉਂਦੀ ਹੋਵੇ। ਮਹਾਰਾਸ਼ਟਰ ਦੇ ਸਾਬਕਾ ਗਵਰਨਰ ਕ੍ਰਿਸ਼ਨਾ ਨੇ ਕਿਹਾ, ‘ਹਰੇਕ ਸਿਆਸੀ ਪਾਰਟੀ ਅੰਦਰੂਨੀ ਜਮਹੂਰੀਅਤ ਦੀ ਘਾਟ ਨਾਲ ਜੂਝ ਰਹੀ ਹੈ। ਸਾਨੂੰ ਘੱਟੋ-ਘੱਟ ਇਕ ਅਜਿਹਾ ਪ੍ਰਬੰਧ ਵਿਕਸਤ ਕਰਨਾ ਹੋਵੇਗਾ ਜਿਸ ਵਿੱਚੋਂ ਅੰਦਰੂਨੀ ਤੌਰ ’ਤੇ ਜਮਹੂਰੀਅਤ ਦੀ ਝਲਕ ਪੈਂਦੀ ਹੋਵੇ। ਸੱਤਾਧਾਰੀ ਲੀਡਰਸ਼ਿਪ ਦੀ ਨੁਕਤਾਚੀਨੀ ਕਰਨ ਦੇ ਖੌਫ਼ ਨੂੰ ਤਿਆਗਣਾ ਹੋਵੇਗਾ। ਗਾਂਧੀ ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਯੁੱਗ ਵਿੱਚ ਵਿਆਪਕ ਅੰਦਰੂਨੀ ਲੋਕਤੰਤਰ ਨੂੰ ਆਦਰਸ਼ ਬਣਾਉਣਾ ਹੋਵੇਗਾ।’
-ਪੀਟੀਆਈ