ਨਵੀਂ ਦਿੱਲੀ, 2 ਅਗਸਤ
ਕਾਂਗਰਸ ਨੇ ਕਿਹਾ ਕਿ ਨਵੀਂ ਸਿੱਖਿਆ ਨੀਤੀ ’ਚ ਮਨੁੱਖੀ ਵਿਕਾਸ ਤੇ ਜਾਣਕਾਰੀ ਦੇ ਵਿਸਤਾਰ ਦੇ ਬੁਨਿਆਦੀ ਟੀਚੇ ਦੀ ਘਾਟ ਹੈ। ਪਾਰਟੀ ਮੁਤਾਬਕ ਇਸ ਵਿੱਚ ਵੱਡੇ-ਵੱਡੇ ਸੁੰਦਰ ਵਾਕ ਅਤੇ ਸ਼ਬਦ ਆਡੰਬਰ ਹਨ ਪਰ ਨੀਤੀ ਲਾਗੂ ਕਰਨ ਲਈ ਲੋੜੀਂਦੇ ਫੰਡਾਂ ਦੀ ਘਾਟ ਦੇ ਨਾਲ-ਨਾਲ ਇਸ ਨੂੰ ਲਾਗੂ ਕਰਨ ਲਈ ਸਹੀ ਰੋਡਮੈਪ ਦੀ ਘਾਟ ਹੈ। ਕਾਂਗਰਸ ਨੇ ਦੋਸ਼ ਲਾਇਆ ਕਿ ਇਹ ਨੀਤੀ ਸੰਸਦ ਮੈਂਬਰਾਂ ਦੀ ਨਿਗਰਾਨੀ ਤੋਂ ਬਾਹਰ ਰਹੀ ਹੈ ਤੇ ਆਰਐੱਸਐੱਸ ਤੋਂ ਬਿਨਾਂ ਕਿਸੇ ਅਕਾਦਮਿਕ ਮਾਹਰ ਨਾਲ ਵੀ ਵਿਚਾਰ-ਚਰਚਾ ਨਹੀਂ ਕੀਤੀ ਗਈ।
ਇੱਥੇ ਇੱਕ ਮੀਡੀਆ ਕਾਨਫਰੰਸ ਮੌਕੇ ਸੰਬੋਧਨ ਕਰਦਿਆਂ ਕਾਂਗਰਸੀ ਆਗੂਆਂ ਐੱਮ ਐੱਮ ਪੱਲਮ ਰਾਜੂ, ਰਾਜੀਵ ਗੌੜਾ ਤੇ ਰਣਜੀਤ ਸੁਰਜੇਵਾਲਾ ਨੇ ਕਿਹਾ ਕਿ ਨਵੀਂ ਸਿੱਖਿਆ ਨੀਤੀ ਗ਼ਰੀਬ ਤੇ ਅਮੀਰ ’ਚ ਡਿਜੀਟਲ ਪਾੜਾ ਪੈਦਾ ਕਰੇਗੀ ਤੇ ਇਸ ਨਾਲ ਸਿੱਖਿਆ ਮੱਧ ਵਰਗ ਤੇ ਸਮਾਜ ਦੇ ਦੱਬੇ-ਕੁਚਲੇ ਲੋਕਾਂ ਦੀ ਪਹੁੰਚ ਤੋਂ ਵੀ ਬਾਹਰ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਮਹਾਮਾਰੀ ਦੇ ਸਮੇਂ ’ਚ ਨਵੀਂ ਸਿੱਖਿਆ ਨੀਤੀ ਦੇ ਆਉਣ ’ਤੇ ਹੀ ਵੱਡਾ ਸੁਆਲ ਖੜ੍ਹਾ ਹੁੰਦਾ ਹੈ। ਇਸ ਤੋਂ ਇਲਾਵਾ ਜਦਕਿ ਸਾਰੇ ਅਕਾਦਮੀਸ਼ੀਅਨਾਂ ਦਾ ਹੀ ਕਹਿਣਾ ਹੈ ਕਿ ਉਨ੍ਹਾਂ ਦੀ ਕੋਈ ਰਾਇ ਨਹੀਂ ਲਈ ਗਈ।-ਪੀਟੀਆਈ