ਆਦਿਤੀ ਟੰਡਨ
ਨਵੀਂ ਦਿੱਲੀ, 13 ਨਵੰਬਰ
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਆਪਣੀ ਨਵੀਂ ਕਿਤਾਬ ‘ਏ ਪ੍ਰੋਮਿਸਡ ਲੈਂਡ’ ਵਿੱਚ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦਾ ਜ਼ਿਕਰ ਕੀਤਾ ਹੈ। 17 ਨਵੰਬਰ ਨੂੰ ਰਿਲੀਜ਼ ਹੋ ਰਹੀ ਆਪਣੀ ਇਸ ਆਤਮਕਥਾ ਵਿੱਚ ਓਬਾਮਾ ਨੇ ਕਈ ਸਿਆਸੀ ਆਗੂਆਂ ’ਤੇ ਟਿੱਪਣੀ ਕਰਨ ਦੇ ਨਾਲ ਆਪਣੇ ਤਜਰਬਿਆਂ ਨੂੰ ਸਾਂਝਾ ਕੀਤਾ ਹੈ।
ਸਾਬਕਾ ਅਮਰੀਕੀ ਸਦਰ ਨੇ ਕਿਤਾਬ ਵਿੱਚ ਲਿਖਿਆ ਹੈ ਕਿ ਰਾਹੁਲ ਵਿੱਚ ਯੋਗਤਾ ਤੇ ਜਨੂੰਨ ਦੀ ਘਾਟ ਹੈ। ਕਿਤਾਬ ਵਿੱਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਸਮੇਤ ਹੋਰ ਕਈ ਆਲਮੀ ਆਗੂਆਂ ਦਾ ਵੀ ਜ਼ਿਕਰ ਹੈ।
ਅਮਰੀਕੀ ਰੋਜ਼ਨਾਮਚਾ ‘ਨਿਊਯਾਰਕ ਟਾਈਮਜ਼’ ਵਿੱਚ ਇਸ ਕਿਤਾਬ ਦਾ ਰੀਵਿਊ ਛਪਿਆ ਹੈ, ਜਿਸ ਵਿੱਚ ਕਿਤਾਬ ਦੇ ਕੁਝ ਅੰਸ਼ ਛਾਪੇ ਗਏ ਹਨ। ਓਬਾਮਾ ਨੇ ਰਾਹੁਲ ਬਾਰੇ ਟਿੱਪਣੀ ਕਰਦਿਆਂ ਲਿਖਿਆ, ‘‘ਉਨ੍ਹਾਂ ਵਿੱਚ ਇਕ ਅਜਿਹੇ ਬੇਚੈਨ ਤੇ ਗੈਰ-ਤਜਰਬੇਕਾਰ ਵਿਦਿਆਰਥੀ ਦੇ ਗੁਣ ਹਨ, ਜਿਸ ਨੇ ਆਪਣਾ ਹੋਮਵਰਕ ਕੀਤਾ ਹੈ ਤੇ ਅਧਿਆਪਕ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਵਿੱਚ ਹੈ। ਪਰ ਜੇਕਰ ਡੂੰਘਾਈ ਨਾਲ ਵੇਖੀਏ ਤਾਂ ਯੋਗਤਾ ਦੀ ਘਾਟ ਹੈ ਤੇ ਕਿਸੇ ਵਿਸ਼ੇ ’ਤੇ ਮੁਹਾਰਤ ਹਾਸਲ ਕਰਨ ਦੇ ਜਨੂੰਨ ਦੀ ਘਾਟ ਹੈ।’’ ਉਨ੍ਹਾਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਬਾਰੇ ਵੀ ਟਿੱਪਣੀਆਂ ਕੀਤੀਆਂ ਹਨ।
ਮਨਮੋਹਨ ਅਤੇ ਸੋਨੀਆ ਬਾਰੇ ਹਾਂ-ਪੱਖੀ ਟਿੱਪਣੀਆ
ਕਿਤਾਬ ਵਿੱਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਸਮੇਤ ਹੋਰ ਕਈ ਆਲਮੀ ਆਗੂਆਂ ਦਾ ਵੀ ਜ਼ਿਕਰ ਹੈ। ਬਰਾਕ ਓਬਾਮਾ ਨੇ ਮਨਮੋਹਨ ਸਿੰਘ ਬਾਰੇ ਲਿਖਿਆ ਹੈ ਕਿ ਉਨ੍ਹਾਂ ’ਚ ਇਕ ਤਰ੍ਹਾਂ ਨਾਲ ਪ੍ਰਭਾਵਿਤ ਕਰਨ ਵਾਲੀ ਇਮਾਨਦਾਰੀ ਹੈ। ਅਖ਼ਬਾਰ ’ਚ ਕਿਤਾਬ ਦੀ ਸਮੀਖਿਆ ਦੌਰਾਨ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਬਾਰੇ ਨਿੱਘੀਆਂ ਟਿੱਪਣੀਆਂ ਕੀਤੀਆਂ ਗਈਆਂ ਪਰ ਇਹ ਸਿਆਸਤ ਨੂੰ ਲੈ ਕੇ ਨਹੀਂ ਸਨ। ਓਬਾਮਾ ਨੇ ਕਿਤਾਬ ’ਚ ਸੋਨੀਆ ਗਾਂਧੀ ਦੀ ਖੂਬਸੂਰਤੀ ਦੀ ਵੀ ਤਾਰੀਫ਼ ਕੀਤੀ ਹੈ। -ਏਜੰਸੀ
ਕਾਂਗਰਸ ਨੇ ਨਾ ਦਿੱਤਾ ਕੋਈ ਪ੍ਰਤੀਕਰਮ, ਆਗੂ ਓਬਾਮਾ ’ਤੇ ਵਰ੍ਹੇ
ਨਵੀਂ ਦਿੱਲੀ: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਵੱਲੋਂ ਆਪਣੀ ਨਵੀਂ ਕਿਤਾਬ ’ਚ ਰਾਹੁਲ ਗਾਂਧੀ ਬਾਰੇ ਕੀਤੀਆਂ ਗਈਆਂ ਟਿੱਪਣੀਆਂ ’ਤੇ ਕਾਂਗਰਸ ਨੇ ਅਧਿਕਾਰਤ ਤੌਰ ’ਤੇ ਕੋਈ ਪ੍ਰਤੀਕਰਮ ਦੇਣ ਦੋਂ ਟਾਲਾ ਵੱਟਿਆ ਹੈ ਪਰ ਪਾਰਟੀ ਆਗੂਆਂ ਨੇ ਨਿੱਜੀ ਤੌਰ ’ਤੇ ਓਬਾਮਾ ਨੂੰ ਕਰਾਰੇ ਹੱਥੀਂ ਲਿਆ ਹੈ। ਕਾਂਗਰਸ ਪਾਰਟੀ ਦੇ ਮੁੱਖ ਤਰਜਮਾਨ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਉਹ ਮੀਡੀਆ ਦੇ ਕੁਝ ਅਤਿ ਉਤਸ਼ਾਹੀ ਸਾਥੀਆਂ ਨੂੰ ਨਿਮਰਤਾ ਨਾਲ ਆਖਣਾ ਚਾਹੁਣਗੇ ਕਿ ਪਾਰਟੀ ਕਿਤਾਬ ’ਚ ਕਿਸੇ ਵਿਅਕਤੀ ਵੱਲੋਂ ਪ੍ਰਗਟਾਏ ਗਏ ਵਿਚਾਰਾਂ ’ਤੇ ਟਿੱਪਣੀ ਨਹੀਂ ਕਰਦੀ ਹੈ। ‘ਬੀਤੇ ’ਚ ਲੋਕਾਂ ਅਤੇ ਏਜੰਸੀਆਂ ਨੇ ਇਕ ਆਗੂ ਨੂੰ ‘ਮਨੋਰੋਗੀ’ ਅਤੇ ‘ਵੰਡਪਾਊ ਤਾਕਤਾਂ ਦਾ ਮੁਖੀ’ ਸੱਦਿਆ ਸੀ ਪਰ ਅਸੀਂ ਅਜਿਹੀ ਟਿੱਪਣੀਆਂ ਨੂੰ ਮਾਨਤਾ ਨਹੀਂ ਦਿੰਦੇ ਹਾਂ।’ ਇਕ ਹੋਰ ਤਰਜਮਾਨ ਉਦਿਤ ਰਾਜ ਨੇ ਕਿਹਾ ਕਿ ਪੰਜ ਜਾਂ 10 ਮਿੰਟ ਦੀ ਮੁਲਾਕਾਤ ਦੌਰਾਨ ਕੋਈ ਕਿਸੇ ਵਿਅਕਤੀ ਦੀ ਸ਼ਖ਼ਸੀਅਤ ਨੂੰ ਨਹੀਂ ਜਾਣ ਸਕਦਾ ਹੈ। ਕਾਂਗਰਸ ਆਗੂ ਅਰਚਨਾ ਡਾਲਮੀਆ ਨੇ ਟਵੀਟ ’ਚ ਕਿਹਾ ਕਿ ਰਾਹੁਲ ਗਾਂਧੀ ਬਾਰੇ ਫ਼ੈਸਲਾ ਸੁਣਾਉਣ ਵਾਲੇ ਬਰਾਕ ਓਬਾਮਾ ਦੀ ਸਾਨੂੰ ਲੋੜ ਨਹੀਂ ਹੈ। ਅਚਾਰਿਆ ਪ੍ਰਮੋਦ ਕ੍ਰਿਸ਼ਨਨ ਨੇ ਓਬਾਮਾ ’ਤੇ ਵਰ੍ਹਦਿਆਂ ਕਿਹਾ ਕਿ ਉਸ ਨੇ ਕਰੋੜਾਂ ਕਾਂਗਰਸ ਵਰਕਰਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਜੋ ਰਾਹੁਲ ਗਾਂਧੀ ਨੂੰ ‘ਰੱਬ’ ਮੰਨਦੇ ਹਨ। ‘ਓਬਾਮਾ ਕਿਵੇਂ ਜਾਣਦੇ ਹਨ ਕਿ ਰਾਹੁਲ ਮਾੜਾ
ਵਿਦਿਆਰਥੀ ਸੀ। ਕੀ ਉਹ ਰਾਹੁਲ ਦਾ ਜਮਾਤੀ ਸੀ। ਜਿਹੜੇ ਸੱਚ ਬੋਲਦੇ ਹਨ ਉਹ ਤੁਹਾਡੀ ਨਜ਼ਰ ’ਚ ਅਯੋਗ ਅਤੇ ਝੂਠ ਬੋਲਣ ਵਾਲੇ ਯੋਗ ਹਨ।’ ਕ੍ਰਿਸ਼ਨਨ ਨੇ ਓਬਾਮਾ ਨੂੰ ‘ਅੰਧ ਭਗਤ’ ਕਰਾਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਅਤੇ ਓਬਾਮਾ ਵਿਚਕਾਰ ਕਈ ਵਾਰ ਮੁਲਾਕਾਤ ਹੋਈ ਹੈ। ਉਹ ਸਭ ਤੋਂ ਪਹਿਲਾਂ ਨਵੰਬਰ 2010 ’ਚ ਮਿਲੇ ਸਨ ਜਦੋਂ ਰਾਹੁਲ ਗਾਂਧੀ ਕਾਂਗਰਸ ਦਾ ਜਨਰਲ ਸਕੱਤਰ ਸੀ। ਦੂਜੀ ਵਾਰ ਜਦੋਂ ਓਬਾਮਾ 2017 ’ਚ ਭਾਰਤ ਦੌਰੇ ’ਤੇ ਆਏ ਸਨ ਤਾਂ ਰਾਹੁਲ ਨਾਲ ਮੁਲਾਕਾਤ ਹੋਈ ਸੀ। -ਆਈਏਐਨਐਸ