ਨਵੀਂ ਦਿੱਲੀ, 15 ਜੁਲਾਈ
ਕੇਂਦਰੀ ਕਿਰਤ ਮੰਤਰੀ ਭੁਪੇਂਦਰ ਯਾਦਵ ਨੇ ਕਿਹਾ ਕਿ ਲਗਪਗ ਸਾਰੇ ਰਾਜਾਂ ਨੇ ਚਾਰ ਲੇਬਰ ਕੋਡਾਂ ਬਾਰੇ ਨੇਮਾਂ ਦਾ ਖਰੜਾ ਤਿਆਰ ਕਰ ਲਿਆ ਹੈ ਤੇ ਨਵੇਂ ਨੇਮ ਢੁਕਵੇਂ ਸਮੇਂ ’ਤੇ ਲਾਗੂ ਕੀਤੇ ਜਾਣਗੇ। ਕਿਰਤ ਮੰਤਰੀ ਦਾ ਇਹ ਬਿਆਨ ਅਜਿਹੇ ਮੌਕੇ ਆਇਆ ਹੈ ਜਦੋਂ ਇਹ ਚਰਚਾ ਸਿਖਰ ’ਤੇ ਹੈ ਕਿ ਲੇਬਰ ਕੋਡਾਂ ਨੂੰ ਕਿਸੇ ਵੇਲੇ ਵੀ ਲਾਗੂ ਕੀਤਾ ਜਾ ਸਕਦਾ ਹੈ ਕਿਉਂਕਿ ਬਹੁਗਿਣਤੀ ਰਾਜਾਂ ਨੇ ਖਰੜਾ ਨੇਮ ਤਿਆਰ ਕਰ ਲਏ ਹਨ।
ਇਸ ਖ਼ਬਰ ਏਜੰਸੀ ਨਾਲ ਗੱਲਬਾਤ ਕਰਦਿਆਂ ਯਾਦਵ ਨੇ ਕਿਹਾ, ‘‘ਲਗਪਗ ਸਾਰੇ ਰਾਜਾਂ ਨੇ ਚਾਰ ਲੇਬਰ ਕੋਡਾਂ ਬਾਰੇ ਖਰੜਾ ਨੇਮਾਂ ਨੂੰ ਅੰਤਿਮ ਰੂਪ ਦੇ ਦਿੱਤਾ ਹੈ। ਅਸੀਂ ਇਨ੍ਹਾਂ ਕੋਡਾਂ ਨੂੰ (ਇਕੋ ਵਾਰ ਵਿੱਚ) ਢੁਕਵੇਂ ਸਮੇਂ ’ਤੇ ਲਾਗੂ ਕਰਾਂਗੇ।’’ ਉਨ੍ਹਾਂ ਦੱਸਿਆ ਕਿ ਕੁਝ ਰਾਜ ਅਜੇ ਵੀ ਇਨ੍ਹਾਂ ਖਰੜਾ ਨੇਮਾਂ ’ਤੇ ਕੰਮ ਕਰ ਰਹੇ ਹਨ। ਮੰਤਰੀ ਨੇ ਕਿਹਾ ਕਿ ਰਾਜਸਥਾਨ ਨੇ ਦੋ ਕੋਡਾਂ ਬਾਰੇ ਖਰੜਾ ਨੇਮ ਤਿਆਰ ਕਰ ਲਏ ਹਨ ਅਤੇ ਦੋ ਬਾਕੀ ਹਨ ਜਦੋਂਕਿ ਪੱਛਮੀ ਬੰਗਾਲ ਇਨ੍ਹਾਂ ਨੂੰ ਅੰਤਿਮ ਰੂਪ ਦੇਣ ਦੇ ਅਮਲ ਵਿੱਚ ਹੈ। ਮੇਘਾਲਿਆ ਸਣੇ ਕੁਝ ਉੱਤਰ-ਪੂਰਬ ਰਾਜਾਂ ਨੇ ਚਾਰ ਕੋਡਾਂ ਬਾਰੇ ਨੇਮ ਤਿਆਰ ਕਰਨ ਦੇ ਅਮਲ ਨੂੰ ਅਜੇ ਤੱਕ ਪੂਰਾ ਨਹੀਂ ਕੀਤਾ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਸਾਲ 2019 ਤੇ 2020 ਵਿੱਚ 29 ਕਿਰਤ ਕਾਨੂੰਨਾਂ ਦੇ ਰਲੇਵੇਂ ਅਤੇ ਇਨ੍ਹਾਂ ਨੂੰ ਵਧੇਰੇ ਤਰਕਸ਼ੀਲ ਤੇ ਸਰਲ ਬਣਾਉਣ ਦੇ ਇਰਾਦੇ ਨਾਲ ਇਨ੍ਹਾਂ ਦੀ ਥਾਂ ਚਾਰ ਕੋਡ- ਕੋਡ ਔਨ ਵੇਜਿਜ਼ 2019, ਇੰਡਸਟਰੀਅਲ ਰਿਲੇਸ਼ਨਜ਼ ਕੋਡ, 2020; ਕੋਡ ਔਨ ਸੋਸ਼ਲ ਸਕਿਉਰਿਟੀ 2020; ਅਤੇ ਆਕਿਊਪੇਸ਼ਨਲ ਸੇਫਟੀ ਹੈੱਲਥ ਐਂਡ ਵਰਕਿੰਗ ਕੰਡੀਸ਼ਨਜ਼ ਕੋਡ 2020 ਲਿਆਂਦੇ ਸਨ। ਕੇਂਦਰ ਸਰਕਾਰ ਇਨ੍ਹਾਂ ਚਾਰ ਕੋਡਾਂ ਬਾਰੇ ਪਹਿਲਾਂ ਖਰੜਾ ਨੇਮ ਪ੍ਰਕਾਸ਼ਿਤ ਕਰ ਚੁੱਕੀ ਹੈ। -ਪੀਟੀਆਈ