ਨਵੀਂ ਦਿੱਲੀ: ਪ੍ਰੈੱਸ ਟਰੱਸਟ ਆਫ ਇੰਡੀਆ (ਪੀਟੀਆਈ) ਦੇ ਡਾਇਰੈਕਟਰ ਮੰਡਲ ਦੀ ਅੱਜ ਹੋਈ ਸਾਲਾਨਾ ਆਮ ਮੀਟਿੰਗ ’ਚ ਕੇਐੱਨ ਸ਼ਾਂਤ ਕੁਮਾਰ ਨੂੰ ਮੁੜ ਇਸ ਦਾ ਮੀਤ ਪ੍ਰਧਾਨ ਚੁਣ ਲਿਆ ਗਿਆ ਹੈ ਜਦਕਿ ਐੱਲ ਆਦੀਮੂਲਮ ਨੂੰ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ। ਦਿ ਪ੍ਰਿੰਟਰਜ਼ (ਮੈਸੂਰ) ਪ੍ਰਾਈਵੇਟ ਲਿਮਿਟਡ ਦੇ ਮੀਤ ਪ੍ਰਧਾਨ ਸ਼ਾਂਤ ਕੁਮਾਰ ਨੂੰ ਇੱਕ ਸਾਲ ਲਈ ਦੂਜੇ ਕਾਰਜਕਾਲ ਵਾਸਤੇ ਚੁਣਿਆ ਗਿਆ ਹੈ। ਪ੍ਰਿੰਟਰਜ਼ ਮੈਸੂਰ ਆਪਣੇ ਬੰਗਲੁਰੂ ਸਥਿਤ ਮੁੱਖ ਦਫ਼ਤਰ ਤੋਂ ਡੈੱਕਨ ਹੈਰਾਲਡ, ਪ੍ਰਜਾਵਾਣੀ, ਸੁਧਾ ਤੇ ਮਯੂਰ ਅਖ਼ਬਾਰਾਂ ਦਾ ਪ੍ਰਕਾਸ਼ਨ ਕਰਦਾ ਹੈ। ਪੀਟੀਆਈ ਦੇ 16 ਮੈਂਬਰੀ ਡਾਇਰੈਕਟਰ ਮੰਡਲ ਦੇ ਪ੍ਰਧਾਨ ਅਵੀਕ ਸਰਕਾਰ ਹਨ ਜਿਨ੍ਹਾਂ ਨੂੰ 2021 ’ਚ ਦੋ ਸਾਲ ਦੇ ਕਾਰਜਕਾਲ ਲਈ ਚੁਣਿਆ ਗਿਆ ਸੀ। ਬੋਰਡ ਦੇ ਹੋਰਨਾਂ ਡਾਇਰੈਕਟਰਾਂ ’ਚ ਦੇਸ਼ ਭਰ ਦੇ ਮੋਹਰੀ ਪ੍ਰਕਾਸ਼ਕ ਤੇ ਕੁਝ ਅਹਿਮ ਹਸਤੀਆਂ ਸ਼ਾਮਲ ਹਨ। ਆਦੀਮੂਲਮ, ਦੀਨਾਮਲਾਰ ਅਖ਼ਬਾਰ ਦੇ ਕੋਇੰਬਟੂਰ ਐਡੀਸ਼ਨ ਦੇ ਪ੍ਰਕਾਸ਼ਕ ਹਨ ਅਤੇ ਇਸ ਦੇ ਵਪਾਰ ਤੇ ਤਕਨੀਕੀ ਮੁਖੀ ਵੀ ਹਨ। -ਪੀਟੀਆਈ