ਨਵੀਂ ਦਿੱਲੀ, 12 ਨਵੰਬਰ
ਅਟਾਰਨੀ ਜਨਰਲ ਕੇ ਕੇ ਵੇਣੂਗੋਪਾਲ ਨੇ ਸਟੈਂਡ-ਅਪ ਕਾਮੇਡੀਅਨ ਕੁਨਾਲ ਕਾਮਰਾ ਖ਼ਿਲਾਫ਼ ਅਪਰਾਧਿਕ ਮਾਣਹਾਨੀ ਦਾ ਕੇਸ ਚਲਾਉਣ ਦੀ ਸਹਿਮਤੀ ਦੇ ਦਿੱਤੀ ਹੈ। ਆਪਣੇ ਟਵੀਟਾਂ ਰਾਹੀਂ ਸੁਪਰੀਮ ਕੋਰਟ ਦੀ ਆਲੋਚਨਾ ਕਰਨ ’ਤੇ ਉਸ ਖ਼ਿਲਾਫ਼ ਇਹ ਕਾਰਵਾਈ ਹੋਈ ਹੈ। ਸ੍ਰੀ ਵੇਣੂਗੋਪਾਲ ਨੇ ਕਿਹਾ ਕਿ ਉਸ ਦੇ ਟਵੀਟ ਗਲਤ ਹਨ ਅਤੇ ਹੁਣ ਵੇਲਾ ਆ ਗਿਆ ਹੈ ਕਿ ਲੋਕ ਸਮਝਣ ਕਿ ਸੁਪਰੀਮ ਕੋਰਟ ਨੂੰ ਨਿਸ਼ਾਨਾ ਬਣਾਉਣ ’ਤੇ ਸਜ਼ਾ ਹੋਵੇਗੀ। ਉਨ੍ਹਾਂ ਕਿਹਾ ਕਿ ਬੋਲਣ ਦੀ ਆਜ਼ਾਦੀ ਦੇ ਨਾਮ ’ਤੇ ਲੋਕ ਸੁਪਰੀਮ ਕੋਰਟ ਅਤੇ ਇਸ ਦੇ ਜੱਜਾਂ ਨੂੰ ਨਿਸ਼ਾਨਾ ਨਹੀਂ ਬਣਾ ਸਕਦੇ ਹਨ। ਉਨ੍ਹਾਂ ਕਿਹਾ ਕਿ ਕੁਨਾਲ ਕਾਮਰਾ ਨੇ ਹਾਸੇ-ਠੱਠੇ ਅਤੇ ਅਦਾਲਤੀ ਮਾਣਹਾਨੀ ਵਿਚਕਾਰ ਲਾਈਨ ਨੂੰ ਸਿੱਧੇ ਤੌਰ ’ਤੇ ਉਲੰਘਿਆ ਹੈ। ਇਕ ਅਰਜ਼ੀਕਾਰ ਨੇ ਦੋਸ਼ ਲਾਇਆ ਸੀ ਕਿ ਰਿਪਬਲਿਕ ਟੀਵੀ ਦੇ ਮੁੱਖ ਸੰਪਾਦਕ ਅਰਨਬ ਗੋਸਵਾਮੀ ਨੂੰ ਅੰਤਰਿਮ ਜ਼ਮਾਨਤ ਦਿੱਤੇ ਜਾਣ ’ਤੇ ਕੁਨਾਲ ਕਾਮਰਾ ਨੇ ਆਪਣੇ ਟਵੀਟ ਰਾਹੀਂ ਸੁਪਰੀਮ ਕੋਰਟ ਦੇ ਮਾਣ ਨੂੰ ਘਟਾਉਣ ਦੀ ਕੋਸ਼ਿਸ਼ ਕੀਤੀ ਸੀ ਅਤੇ ਉਸ ਖ਼ਿਲਾਫ਼ ਕੇਸ ਚਲਾਉਣ ਲਈ ਏਜੀ ਤੋਂ ਸਹਿਮਤੀ ਮੰਗੀ ਗਈ ਸੀ। -ਪੀਟੀਆਈ