ਨਵੀਂ ਦਿੱਲੀ, 1 ਜੁਲਾਈ
ਯੂਰੋਪ ਦੇ 9 ਮੁਲਕਾਂ ਨੇ ਕੋਵੀਸ਼ੀਲਡ ਵੈਕਸੀਨ ਲਗਵਾ ਚੁੱਕੇ ਲੋਕਾਂ ਨੂੰ ਉਥੇ ਆਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਸੂਤਰਾਂ ਨੇ ਦੱਸਿਆ ਕਿ ਆਸਟਰੀਆ, ਜਰਮਨੀ, ਸਲੋਵੇਨੀਆ, ਗਰੀਸ, ਆਈਸਲੈਂਡ, ਆਇਰਲੈਂਡ ਅਤੇ ਸਪੇਨ ਨੇ ਕੋਵੀਸ਼ੀਲਡ ਦਾ ਟੀਕਾ ਲਗਵਾ ਚੁੱਕੇ ਲੋਕਾਂ ਨੂੰ ਸਫ਼ਰ ਕਰਨ ਦੀ ਇਜਾਜ਼ਤ ਦਿੱਤੀ ਹੈ। ਸ਼ੈਨੇਗਨ ਮੁਲਕ ਵਜੋਂ ਸਵਿਟਜ਼ਰਲੈਂਡ ਵੀ ਕੋਵੀਸ਼ੀਲਡ ਨੂੰ ਸਵੀਕਾਰ ਕਰ ਰਿਹਾ ਹੈ। ਸੂਤਰਾਂ ਨੇ ਕਿਹਾ ਕਿ ਐਸਟੋਨੀਆ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਹ ਭਾਰਤ ਸਰਕਾਰ ਵੱਲੋਂ ਅਧਿਕ੍ਰਿਤ ਸਾਰੀਆਂ ਵੈਕਸੀਨਾਂ ਨੂੰ ਮਾਨਤਾ ਦੇਵੇਗਾ। ਭਾਰਤ ਨੇ ਯੂਰੋਪੀਅਨ ਯੂਨੀਅਨ ਦੇ ਮੈਂਬਰ ਮੁਲਕਾਂ ਨੂੰ ਕਿਹਾ ਹੈ ਕਿ ਉਹ ਕੋਵੀਸ਼ੀਲਡ ਅਤੇ ਕੋਵੈਕਸੀਨ ਵੈਕਸੀਨਾਂ ਲਗਵਾ ਚੁੱਕੇ ਭਾਰਤੀਆਂ ਨੂੰ ਯੂਰੋਪ ਦੇ ਸਫ਼ਰ ’ਤੇ ਆਉਣ ਦੀ ਮਨਜ਼ੂਰੀ ਦੇਣ। ਯੂਰੋਪੀਅਨ ਯੂਨੀਅਨ ਦਾ ਡਿਜੀਟਲ ਕੋਵਿਡ ਸਰਟੀਫਿਕੇਟ ਜਾਂ ‘ਗਰੀਨ ਪਾਸ’ ਅੱਜ ਤੋਂ ਅਮਲ ’ਚ ਆ ਗਿਆ ਹੈ ਤਾਂ ਜੋ ਕੋਵਿਡ-19 ਮਹਾਮਾਰੀ ਦੌਰਾਨ ਲੋਕਾਂ ਦੀ ਆਵਾਜਾਈ ਨੂੰ ਸੁਖਾਲਾ ਬਣਾਇਆ ਜਾ ਸਕੇ। ਜਿਹੜੇ ਵਿਅਕਤੀਆਂ ਨੇ ਯੂਰੋਪੀਅਨ ਮੈਡੀਸਿਨ ਏਜੰਸੀ ਤੋਂ ਅਧਿਕ੍ਰਿਤ ਵੈਕਸੀਨ ਲਈ ਹੈ, ਉਨ੍ਹਾਂ ਨੂੰ ਯੂਰੋਪੀਅਨ ਯੂਨੀਅਨ ਖ਼ਿੱਤੇ ’ਚ ਸਫ਼ਰ ਤੋਂ ਛੋਟ ਮਿਲੇਗੀ। ਯੂਰੋਪੀਅਨ ਯੂਨੀਅਨ ਦੇ ਮੈਂਬਰ ਮੁਲਕ ਕੌਮੀ ਪੱਧਰ ਜਾਂ ਵਿਸ਼ਵ ਸਿਹਤ ਸੰਸਥਾਨ ਤੋਂ ਮਾਨਤਾ ਪ੍ਰਾਪਤ ਵੈਕਸੀਨਾਂ ਨੂੰ ਵੀ ਪ੍ਰਵਾਨਗੀ ਦੇ ਸਕਦੇ ਹਨ। ਭਾਰਤ ’ਚ ਇਹ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਜਿਨ੍ਹਾਂ ਲੋਕਾਂ ਨੇ ਕੋਵੀਸ਼ੀਲਡ ਅਤੇ ਕੋਵੈਕਸੀਨ ਦੇ ਟੀਕੇ ਲਗਵਾਏ ਹਨ, ਉਹ ਯੂਰੋਪੀਅਨ ਯੂਨੀਅਨ ਦੇ ਮੈਂਬਰ ਮੁਲਕਾਂ ’ਚ ‘ਗਰੀਨ ਪਾਸ’ ਯੋਜਨਾ ਤਹਿਤ ਸਫ਼ਰ ਨਹੀਂ ਕਰ ਸਕਣਗੇ। ਭਾਰਤੀ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਮੰਗਲਵਾਰ ਨੂੰ ਈਯੂ ਡਿਜੀਟਲ ਕੋਵਿਡ ਸਰਟੀਫਿਕੇਟ ਯੋਜਨਾ ’ਚ ਕੋਵੀਸ਼ੀਲਡ ਨੂੰ ਸ਼ਾਮਲ ਕਰਨ ਦਾ ਮੁੱਦਾ ਯੂਰੋਪੀਅਨ ਯੂਨੀਅਨ ਦੇ ਨੁਮਾਇੰਦੇ ਜੋਸੇਪ ਬੋਰੈੱਲ ਫੋਂਟੇਲੈਸ ਕੋਲ ਉਠਾਇਆ ਸੀ। -ਪੀਟੀਆਈ