ਦੇਹਰਾਦੂਨ, 11 ਦਸੰਬਰ
ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਇੰਡੀਅਨ ਮਿਲਟਰੀ ਅਕੈਡਮੀ (ਆਈਐੱਮਏ) ਵਿੱਚੋਂ ਪਾਸ ਹੋਣ ਵਾਲੇ ਕੈਡੇਟਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਉਹ ਇਸ ਮਾਣਮੱਤੀ ਸੰਸਥਾ ਨੂੰ ਇਸ ਦੇ ਪ੍ਰਤਿਭਾਵਾਨ ਅਲੂਮਨੀ ਰਹੇ ਸੀਡੀਐੱਸ ਜਨਰਲ ਬਿਪਿਨ ਰਾਵਤ ਵਾਂਗ ਮਹਾਨ ਦਰਜਾ ਦੇਣ ਦਾ ਯਤਨ ਕਰਨ ਜੋ ਆਪਣੀ ਕਰੜੀ ਮਿਹਨਤ ਮਗਰੋਂ ਇੱਕ ਆਦਰਸ਼ (ਰੋਲ ਮਾਡਲ) ਵਜੋਂ ਉਭਰੇ ਸਨ। ਉਨ੍ਹਾਂ ਜਨਰਲ ਰਾਵਤ ਨੂੰ ਇੱਕ ਵਿਲੱਖਣ ਫ਼ੌਜੀ ਆਗੂ ਦੱਸਦਿਆਂ ਕਿਹਾ ਕਿ ਉਨ੍ਹਾਂ ਦੇ ਅਚਾਨਕ ਚਲੇ ਜਾਣ ਨੂੰ ਕਦੇ ਨਾ ਪੂਰਿਆ ਜਾ ਸਕਣ ਵਾਲਾ ਘਾਟਾ ਹੈ।
ਰਾਸ਼ਟਰਪਤੀ ਸ੍ਰੀ ਕੋਵਿੰਦ ਇੱਥੇ ਅਕੈਡਮੀ ਦੀ ਪਾਸਿੰਗ-ਆਊਟ ਪਰੇਡ ਵਿੱਚ ਰਿਵਿਊਇੰਗ ਆਫੀਸਰ ਵਜੋਂ ਸੰਬੋਧਨ ਕਰ ਰਹੇ ਸਨ। ਜ਼ਿਕਰਯੋਗ ਹੈ ਕਿ ਭਾਰਤ ਦੇ ਪਹਿਲੇ ਚੀਫ਼ ਆਫ਼ ਡਿਫੈਂਸ ਸਟਾਫ਼ (ਸੀਡੀਐੱਸ) ਜਨਰਲ ਬਿਪਿਨ ਰਾਵਤ ਨੇ ਇੰਡੀਅਨ ਮਿਲਟਰੀ ਅਕੈਡਮੀ ਤੋਂ ਗਰੈਜੂਏਸ਼ਨ ਕੀਤੀ ਸੀ ਜਿਨ੍ਹਾਂ ਨੂੰ ਅਕੈਡਮੀ ਵੱਲੋਂ ਸਰਵੋਤਮ ਆਦਰਸ਼ ਕੈਡੇਟ ਵਜੋਂ ਦਿੱਤੇ ਜਾਂਦੇ ਐਵਾਰਡ ‘ਸਵੋਰਡ ਆਫ਼ ਆਨਰ’ ਨਾਲ ਸਨਮਾਨਿਤ ਕੀਤਾ ਗਿਆ ਸੀ। ਰਾਸ਼ਟਰਪਤੀ ਕੋਵਿੰਦ ਨੇ ਅਫ਼ਸਰ ਬਣੇ ਇਨ੍ਹਾਂ ਕੈਡੇਟਾਂ ਨੂੰ ਰਣਨੀਤਕ ਦ੍ਰਿਸ਼ਟੀਕੋਣ ਅਤੇ ਸਥਿਤੀ ਮੁਤਾਬਕ ਢਲ ਜਾਣ ਵਾਲਾ ਵਿਵਹਾਰ ਅਪਣਾਉਣ ਲਈ ਕਿਹਾ ਤਾਂ ਕਿ ਉਹ ਫ਼ੌਜੀ ਅਧਿਕਾਰੀਆਂ ਨੂੰ ਪੇਸ਼ ਆਉਣ ਵਾਲੀਆਂ ਔਕੜਾਂਦਾ ਮੁਕਾਬਲਾ ਕਰ ਸਕਣ। ਅੱਜ ਕੁੱਲ 319 ਕੈਡੇਟਾਂ ਨੇ ਮਿਲਟਰੀ ਅਕੈਡਮੀ ਤੋਂ ਗਰੈਜੂਏਸ਼ਨ ਮੁਕੰਮਲ ਕੀਤੀ ਹੈ, ਜਿਨ੍ਹਾਂ ਵਿੱਚ 68 ਜਣੇ ਵਿਦੇਸ਼ੀ ਮੁਲਕਾਂ ਤੋਂ ਹਨ। -ਪੀਟੀਆਈ